ਹਵਾਈ ਅੱਡਿਆਂ ‘ਤੇ ਭਾਰਤੀ ਵਿਦਿਆਰਥੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ

0
1096

ਸਰੀ: ਨਵੇਂ ਸਾਲ ‘ਚ ਕੈਨੇਡਾ ‘ਚ ਸਥਿਤ ਵਿੱਦਿਅਕ ਅਦਾਰਿਆਂ ਦੇ ਸ਼ੁਰੂ ਹੋ ਰਹੇ ਸਮੈਸਟਰ ‘ਚ ਦਾਖਲਾ ਲੈ ਚੁੱਕੇ ਵਿਦੇਸ਼ੀ ਵਿਦਿਆਰਥੀ ਇਨੀਂ ਦਿਨੀਂ ਹਵਾਈ ਜਹਾਜ਼ਾਂ ਰਾਹੀਂ ਕੈਨੇਡਾ ਪੁੱਜ ਰਹੇ ਹਨ। ਜਿਸ ਕਰਕੇ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਅੰਦਰ ਸਟੱਡੀ ਪਰਮਿਟ ਲੈਣ ਵਾਸਤੇ ਲੜਕੇ ਅਤੇ ਲੜਕੀਆਂ ਦੀਆਂ ਰੋਜ਼ਾਨਾ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਦਸੰਬਰ ਦੇ ਬਚੇ ਦਿਨਾਂ ਅਤੇ ਅੱਧ ਜਨਵਰੀ ਤੱਕ ਉਹ ਲਾਈਨਾਂ ਲਗਾਤਾਰ ਲਗਦੇ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ‘ਚ ਬਹੁਤ ਵੱਡੀ ਤਦਾਦ ਭਾਰਤ ਅਤੇ ਖਾਸ ਕਰਕੇ ਪੰਜਾਬ ਤੋਂ ਪੁੱਜੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀ ਹੈ। ਭਾਰਤ, ਚੀਨ, ਫਿਲਪਾਈਨ, ਹਾਂਗਕਾਂਗ, ਮੱਧ ਪੂਰਬ, ਯੂਰਪ ਤੋਂ ਲਗਪਗ ਸਾਰੀਆਂ ਹਵਾਈ ਕੰਪਨੀਆਂ ਦੇ ਜਹਾਜ਼ਾਂ ‘ਚ ਵੱਡੀ ਗਿਣਤੀ ਪੜ੍ਹਾਈ ਦਾ ਵੀਜ਼ਾ ਲੈ ਕੇ ਪੁੱਜੇ ਮੁੰਡੇ ਅਤੇ ਕੁੜੀਆਂ ਸਫਰ ਕਰਕੇ ਪਹੁੰਚਦੇ ਹਨ। ਲਗਾਤਾਰ ਉਡਾਣਾਂ ਪੁੱਜਦੇ ਜਾਣ ਨਾਲ਼ ਅਕਸਰ ਸਾਰਾ ਦਿਨ ਅਤੇ ਦੇਰ ਰਾਤ ਤੱਕ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਜਲਦੀ ਫਾਰਗ ਕਰਨ ਲਈ ਵਾਧੂ ਇੰਤਜ਼ਾਮ ਕਰਨੇ ਪੈ ਜਾਂਦੇ ਹਨ ਪਰ ਫਿਰ ਵੀ ਕਈ ਵਾਰੀ ਲੰਬੀ ਲਾਈਨ ‘ਚ ਇੰਤਜ਼ਾਰ ਦਾ ਸਮਾਂ ਇਕ ਘੰਟੇ ਤੋਂ ਦੋ ਘੰਟੇ ਤੱਕ ਦਾ ਵੀ ਹੋ ਸਕਦਾ ਹੈ।
ਜਿਨ੍ਹਾਂ ਵਿਦਿਆਰਥੀਆਂ ਦੀਆਂ ਫਾਈਲਾਂ ਜਿਵੇਂ ਅੰਗੇਰਜ਼ੀ ਦੇ ਟੈਸਟ ਦਾ ਸਰਟੀਫਿਕੇਟ, ਲੈਟਰ ਆਫ ਅਕਸੈਪਟੈਂਸ, ਜੀ.ਆਈ.ਸੀ. ਅਕਾਊਂਟ ਦਾ ਸਰਟੀਫਿਕੇਟ, ਕੈਨੇਡਾ ਦੇ ਅਦਾਰੇ ‘ਚ ਪੜ੍ਹਾਈ ਦੀ ਫੀਸ ਭਰੀ ਹੋਣ ਦੀ ਰਸੀਦ ਆਦਿਕ ‘ਚ ਕੋਈ ਕਮੀ ਨਾ ਹੋਵੇ ਤਾਂ ਸਟੱਡੀ ਪਰਮਿਟ ਤੁਰੰਤ ਜਾਰੀ ਕੀਤੇ ਜਾਂਦੇ ਹਨ। ਪਰ ਸਾਰੇ ਪੇਪਰ ਪੂਰੇ ਹੋਣ ਪਰ ਵਿਦਿਆਰਥੀ ਅੰਗਰੇਜ਼ੀ ਨਾ ਬੋਲ ਸਕੇ ਤਾਂ ਮਾਮਲਾ ਉਲਝ ਸਕਦਾ ਹੈ। ਬੀਤੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਕੈਨੇਡਾ ਦੇ ਹਵਾਈ ਅਡਿਆਂ ਤੋਂ ਸਟੱਡੀ ਵੀਜ਼ਾ ਵਾਲ਼ੇ ਲੜਕੇ ਅਤੇ ਲੜਕੀਆਂ ਨੂੰ ਬੇਰੰਗ ਮੋੜਨ ਦੀਆਂ ਘਟਨਾਵਾਂ ਬਹੁਤ ਹੱਦ ਤੱਕ ਘੱਟ ਹੋ ਚੁੱਕੀਆਂ ਹਨ।