ਵਿਦੇਸ਼ਾਂ ਵੱਲ ਨੌਜਵਾਨਾਂ ਦੀਆਂ ਥੋਕ ਵਿਚ ਭਰੀਆਂ ਜਾਂਦੀਆਂ ਉਡਾਰੀਆਂ ਨੇ ਜ਼ਮੀਨਾਂ ਦੇ ਰੇਟ ਖੋਰੇ

0
1327

ਗੁਰਦਾਸਪੁਰ: ਪੰਜਾਬ ‘ਚੋਂ ਹਜ਼ਾਰਾਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਨੂੰ ਹੋ ਰਹੇ ਪ੍ਰਵਾਸ ਨੇ ਜਿੱਥੇ ਸੂਬੇ ਦੇ ਪ੍ਰਾਈਵੇਟ ਸਿੱਖਿਆ ਤੰਤਰ ਨੂੰ ਮੰਦਹਾਲੀ ਦੀ ਕਗਾਰ ‘ਤੇ ਲਿਆ ਖੜ੍ਹਾ ਕੀਤਾ ਹੈ, ਉੱਥੇ ਨੌਜਵਾਨਾਂ ਦੇ ਇਸ ਰੁਝਾਨ ਕਾਰਨ ਪੇਂਡੂ ਖੇਤਰ ‘ਚ ਵਾਹੀਯੋਗ ਜ਼ਮੀਨਾਂ ਦੇ ਰੇਟ ਵੀ ਮੂਧੇ ਮੂੰਹ ਡਿੱਗ ਪਏ ਹਨ। ਮੌਜੂਦਾ ਸਮੇਂ ਅੰਦਰ ਸਥਿਤੀ ਇਹ ਬਣੀ ਹੋਈ ਹੈ ਕਿ ਕੁਝ ਸਾਲ ਪਹਿਲਾਂ ਤੱਕ ਰੀਅਲ ਅਸਟੇਟ ਨਾਲ ਜੁੜੇ ਕਾਰੋਬਾਰੀ ਜਿਹੜੀਆਂ ਜ਼ਮੀਨਾਂ ਦੇ ਮੂੰਹ ਮੰਗੇ ਰੇਟ ਦੇਣ ਲਈ ਤਿਆਰ ਸਨ, ਹੁਣ ਉਨ੍ਹਾਂ ਜ਼ਮੀਨਾਂ ਨੂੰ ਪਹਿਲਾਂ ਦੇ ਮੁਕਾਬਲੇ ਅੱਧੇ ਰੇਟਾਂ ‘ਤੇ ਖਰੀਦਣ ਲਈ ਵੀ ਕੋਈ ਵਪਾਰੀ ਤਿਆਰ ਨਹੀਂ ਹੈ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਹਾਲ ਦੀ ਘੜੀ ਪੇਂਡੂ ਖੇਤਰ ‘ਚ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਰੁਝਾਨ ‘ਚ ਵੱਡੀ ਗਿਰਾਵਟ ਨਜ਼ਰ ਆ ਰਹੀ ਹੈ।

ਇਕਦਮ ਆਇਆ ਸੀ ਉਛਾਲ
ਕਰੀਬ ੧੦ ਸਾਲ ਪਹਿਲਾਂ ਪੇਂਡੂ ਜ਼ਮੀਨਾਂ ਦੇ ਰੇਟਾਂ ਵਿਚ ਏਨਾ ਉਛਾਲ ਆਇਆ ਸੀ ਕਿ ਆਮ ਜ਼ਮੀਨਾਂ ਦੇ ਰੇਟ ੧੦-੧੫ ਲੱਖ ਰੁਪਏ ਪ੍ਰਤੀ ਏਕੜ ਤੋਂ ਵਧ ਕੇ ੩੦ ਲੱਖ ਰੁਪਏ ਨੂੰ ਵੀ ਪਾਰ ਕਰ ਗਏ ਸਨ।
ਸ਼ਹਿਰੀ ਖੇਤਰਾਂ ਦੇ ਲਾਗੇ ਵਾਹੀਯੋਗ ਜ਼ਮੀਨਾਂ ਨੂੰ ਪਲਾਟਾਂ ਦੇ ਰੂਪ ਵਿਚ ਤਬਦੀਲ ਕਰਨ ਦਾ ਰੁਝਾਨ ਵੀ ਏਨੇ ਵੱਡੇ ਪੱਧਰ ‘ਤੇ ਸ਼ੁਰੂ ਹੋਇਆ ਸੀ ਕਿ ਜਿਹੜੇ ਲੋਕਾਂ ਨੂੰ ਹੋਰ ਕਾਰੋਬਾਰ ਨਹੀਂ ਲੱਭਦੇ ਸਨ, ਉਨ੍ਹਾਂ ਵੀ ਇਸ ਕਾਰੋਬਾਰ ‘ਚ ਕਿਸਮਤ ਅਜਮਾਉਣ ਲਈ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਕਾਰਨ ਅਨੇਕਾਂ ਜ਼ਮੀਨਾਂ ਰਜਿਸਟਰੀ ਤੋਂ ਪਹਿਲਾਂ ਬਿਆਨੇ ਦੇ ਆਧਾਰ ‘ਤੇ ਹੀ ਕਈ-ਕਈ ਵਾਰ ਵਿਕ ਜਾਂਦੀਆਂ ਸਨ।

ਪ੍ਰਵਾਸੀ ਪੰਜਾਬੀਆਂ ਨੇ ਬਦਲਿਆ ਰੁਝਾਨ
ਪੰਜਾਬ ‘ਚ ਨੌਜਵਾਨਾਂ ਨੂੰ ਰੋਜ਼ਗਾਰ ਦੀ ਕਮੀ ਅਤੇ ਹੋਰ ਕਈ ਕਾਰਨਾਂ ਸਦਕਾ ਹੁਣ ਜਦੋਂ ੧੨ਵੀਂ ਜਮਾਤ ਪਾਸ ਕਰ ਕੇ ਬਹੁ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਇੱਥੇ ਪੜ੍ਹਾਈ ਕਰਨ ਦੀ ਬਜਾਏ ਵਿਦੇਸ਼ਾਂ ‘ਚ ਜਾਣ ਨੂੰ ਤਰਜ਼ੀਹ ਦੇਣ ਲੱਗ ਪਏ ਹਨ ਤਾਂ ਜ਼ਮੀਨਾਂ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਦਾ ਰੁਝਾਨ ਵੀ ਬਦਲ ਚੁੱਕਾ ਹੈ। ਕੁਝ ਸਾਲ ਪਹਿਲਾਂ ਤਾਂ ਪੰਜਾਬ ਦੇ ਨੌਜਵਾਨ ਜਦੋਂ ਵਿਦੇਸ਼ਾਂ ‘ਚ ਜਾ ਕੇ ਚੰਗੀਆਂ ਨੌਕਰੀਆਂ ਜਾਂ ਕਾਰੋਬਾਰ ਕਰਨ ਲੱਗ ਜਾਂਦੇ ਸਨ ਤਾਂ ਉਹ ਵਿਦੇਸ਼ਾਂ ‘ਚ ਕਮਾਏ ਪੈਸੇ ਨੂੰ ਪੰਜਾਬ ‘ਚ ਭੇਜ ਕੇ ਪਿੰਡਾਂ ‘ਚ ਜ਼ਮੀਨਾਂ ਖਰੀਦਣ ਨੂੰ ਸ਼ਾਨ ਸਮਝਦੇ
ਸਨ।
ਅਜਿਹੇ ਕਈ ਪ੍ਰਵਾਸੀਆਂ ਦੇ ਫਾਰਮ ਹਾਊਸ ਅਤੇ ਪਿੰਡਾਂ ‘ਚ ਬਹੁ-ਮੰਜ਼ਿਲੀ ਘਰ ਇਨ੍ਹਾਂ ਪ੍ਰਵਾਸੀਆਂ ਦੀ ਸ਼ਾਨ ਅਤੇ ਸਫਲਤਾ ਦੀ ਕਹਾਣੀ ਬਿਆਨ ਕਰਦੇ ਸਨ ਪਰ ਹੁਣ ਸਥਿਤੀ ਇਸ ਦੇ ਉੱਲਟ ਹੋ ਚੁੱਕੀ ਹੈ ਕਿਉਂਕਿ ਜ਼ਿਆਦਾਤਰ ਨੌਜਵਾਨ ਇਸ ਕੋਸ਼ਿਸ਼ ‘ਚ ਹਨ ਕਿ ਉਹ ਆਪਣੀਆਂ ਜ਼ਮੀਨਾਂ ਵੇਚ ਵੱਟ ਕੇ ਵਿਦੇਸ਼ਾਂ ‘ਚ ਜਾ ਕੇ ਕਾਰੋਬਾਰ ਕਰਨ, ਜਿਸ ਕਾਰਨ ਪਹਿਲਾਂ ਤਾਂ ਵਿਦੇਸ਼ਾਂ ਦੇ ਅਰਬਾਂ ਰੁਪਏ ਪੰਜਾਬ ‘ਚ ਆਉਂਦੇ ਸਨ ਪਰ ਹੁਣ ਪੰਜਾਬ ਦਾ ਅਰਬਾਂ ਰੁਪਇਆ ਵਿਦੇਸ਼ਾਂ ‘ਚ ਜਾ ਰਿਹਾ ਹੈ।