ਗੁਰਦੁਆਰਾ ਸਰੀ ਡੈਲਟਾ ਵਿਖੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪੇਂਡੂ ਖੇਡ ਮੇਲਾ ਕਰਵਾਇਆ

0
1741

ਸਰੀ: ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਖੇਡ ਮੈਦਾਨ ਵਿੱਚ ਸਾਲਾਨਾ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਉਮਰ ਵਰਗ ੬ ਸਾਲ ਤੋਂ ਲੈ ਕੇ ੭੦ ਸਾਲ ਉਮਰ ਵਰਗ ਦੇ ਬਜ਼ੁਰਗਾਂ ਤੇ ਬੱਚਿਆਂ (ਮਰਦ ਅਤੇ ਇਸਤਰੀ) ਖਿਡਾਰੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਮੁੱਖ ਤੌਰ ਤੇ ੧੦੦ ਮੀਟਰ ਦੌੜ, ਵਾਲੀਬਾਲ ਦੇ ਮੁਕਾਬਲੇ, ਚਮਚੇ ਵਿੱਚ ਅੰਗੂਰ ਰੱਖ ਕੇ ਦੌੜਨਾ, ਗੱਤਕੇ ਦਾ ਚੱਕਰ ਘੁੰਮਾਉਂਦੇ ਹੁੰਦੇ ਹੋਏ ਜ਼ਮੀਨ ਤੋਂ ਜ਼ਮੀਨ ਤੋਂ ਪਕੌੜੇ ਚੁੱਕ ਕੇ ਮੂੰਹ ਵਿਚ ਪਾਉਣਾ ਅਤੇ ਆਲੂ ਛਿੱਲਣ ਆਦਿ ਬਹੁਤ ਹੀ ਦਿਲਕਸ਼ ਮੁਕਾਬਲੇ ਹੋਏ। ਗੁਰੂ ਘਰ ਦੇ ਸੇਵਾਦਾਰਾਂ ਅਤੇ ਦੇਸ ਪੰਜਾਬ ਤੋਂ ਆਏ ਰਾਗੀ ਢਾਡੀ ਅਤੇ ਕਵੀਸ਼ਰਾਂ ਦੀ ਟੀਮਾਂ ਦਾ ਰੱਸਾਕਸ਼ੀ ਫਾਈਨਲ ਮੁਕਾਬਲਾ ਬਹੁਤ ਹੀ ਫਸਵਾਂ ਤੇ ਜੋਸ਼ ਭਰਪੂਰ ਹੋਇਆ ਜਿਸ ਵਿੱਚ ਗੁਰੂ ਘਰ ਦੇ ਸੇਵਾਦਾਰਾਂ ਦੀ ਟੀਮ ਨੇ ਜਿੱਤ ਹਾਸਲ ਕੀਤੀ।
ਸਾਰਾ ਦਿਨ ਚੱਲੇ ਮੁਕਾਬਲਿਆਂ ਵਿੱਚ ਸੰਗਤਾਂ ਨੇ ਭਰਵੇਂ ਰੂਪ ਵਿੱਚ ਹਾਜ਼ਰੀਆਂ ਭਰੀਆਂ ਗੁਰੂ ਘਰ ਵੱਲੋਂ ਚਾਹ ਪਕੌੜੇ, ਚਾਟ ਪਾਪੜੀ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ।
ਜੇਤੂ ਰਹੇ ਸਾਰੇ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਸੇਵਾ ਗੁਰੂ ਘਰ ਦੇ ਸਾਬਕਾ ਸਕੱਤਰ ਭਾਈ ਗੁਰਦੀਪ ਸਿੰਘ ਕੰਦੋਲਾ ਅਤੇ ਗਤਕਾ ਉਸਤਾਦ ਜਗਜੀਤ ਸਿੰਘ ਨੇ ਨਿਭਾਈ। ਅੰਤ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਜਰ ਨੇ ਸਰੀ ਅਤੇ ਨਾਲ ਦੇ ਸ਼ਹਿਰ ਜਿਵੇਂ ਬੈਲਿਗਹਮ (ਯੂਐੱਸਏ) ਦੀਆਂ ਸੰਗਤਾਂ ਅਤੇ ਖਿਡਾਰੀਆਂ ਦਾ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਗੁਰਮੀਤ ਸਿੰਘ ਤੂਰ