ਹੁਣ ਜੀ.ਕੇ. ਵਲੋਂ ਸਿਰਸਾ ‘ਤੇ ਲਾਇਆ ਸਕੂਲ ‘ਚ ਕਰੋੜਾਂ ਦੇ ਘੁਟਾਲੇ ਦਾ ਦੋਸ਼

0
1760

ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੈੱ੍ਰਸ ਕਾਨਫ਼ਰੰਸ ਦੌਰਾਨ ਦਿੱਲੀ ਕਮੇਟੀ ਦੇ ਇਕ ਅਜਿਹੇ ਘੁਟਾਲੇ ਦਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਸ਼ੁਰੂਆਤ ਉਨ੍ਹਾਂ (ਜੀ.ਕੇ.) ਦੇ ਕਾਰਜਕਾਲ ਦੌਰਾਨ ਹੀ ਹੋ ਗਈ ਸੀ ਪ੍ਰੰਤੂ ਉਸ ਸਮੇਂ ਦੇ ਜਨਰਲ ਸਕੱਤਰ ਤੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਉਸ ਸਮੇਂ ਭਰੋਸੇ ‘ਚ ਲੈ ਕੇ ਉਨ੍ਹਾਂ ਨੂੰ ਉਸ ਘੁਟਾਲੇ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ। ਜੀ.ਕੇ. ਨੇ ਦੱਸਿਆ ਕਿ ਇਹ ਮਾਮਲਾ ਕਮੇਟੀ ਅਧੀਨ ਗੁਰੂ ਹਰਿਕ੍ਰਿਸ਼ਨ ਸਕੂਲ ਵਸੰਤ ਵਿਹਾਰ ਨਾਲ ਸਬੰਧਿਤ ਹੈ, ਜਿਸ ‘ਚ ਨਿਯਮਾਂ ਦੀਆਂ ਉਲੰਘਣਾ ਕਰਕੇ ਵਪਾਰਕ ਗਤੀਵਿਧੀਆਂ ਰਾਹੀਂ ਕਰੋੜਾਂ ਰੁਪਇਆਂ ਦੀ ਖੇਡ ਖੇਡੀ ਜਾ ਰਹੀ ਹੈ। ਕਾਨਫ਼ਰੰਸ ਦੌਰਾਨ ਜੀ.ਕੇ. ਨੇ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਅਦਾਲਤ ਲੈ ਕੇ ਜਾਣ ਵਾਲੇ ਪਟੀਸ਼ਨਰ ਪਾਸੋਂ ਪਤਾ ਚੱਲਿਆ ਹੈ ਕਿ ਵਸੰਤ ਵਿਹਾਰ ਸਕੂਲ ‘ਚ ਪਿਛਲੇ ੪ ਸਾਲ ਤੋਂ ਇਕ ਨਿੱਜੀ ਕੰਪਨੀ ਸਵਿਮਿੰਗ ਪੂਲ ਦੇ ਨਾਂਅ ‘ਤੇ ਕਲੱਬ ਚਲਾ ਰਹੀ ਹੈ, ਜਿਸ ‘ਚ ਸਵਿਮਿੰਗ, ਜਿਮ, ਜੁੰਬਾ ਡਾਂਸ ਤੇ ਯੋਗਾ ਸਹਿਤ ਕਈ ਖੇਡ ਮੋਟੀ ਫ਼ੀਸ ਲੈ ਕੇ ਸਿਖਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿਰਸਾ ਨੇ ਆਪਣੇ ਨਿੱਜੀ ਫ਼ਾਇਦੇ ਲਈ ਕਮੇਟੀ ਨੂੰ ਹਨੇਰੇ ‘ਚ ਰੱਖ ਕੇ ੨੨੦੦੦ ਵਰਗ ਫੁੱਟ ‘ਚ ਕਲੱਬ ਖੁੱਲ੍ਹਵਾ ਦਿੱਤਾ ਜਿਸ ਦਾ ਹੁਣ ਤੱਕ ਦਾ ਕਿਰਾਇਆ ਹੀ ੨੦ ਕਰੋੜ ਰੁਪਏ ਬਣਦਾ ਹੈ ਪ੍ਰੰਤੂ ਕਮੇਟੀ ਦੇ ਖਾਤੇ ‘ਚ ਇਕ ਪਾਈ ਵੀ ਹੁਣ ਤੱਕ ਜਮ੍ਹਾਂ ਨਹੀਂ ਹੋਈ।
ਦੋਸ਼ਾਂ ਨੂੰ ਨਕਾਰਿਆ
ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜੀ.ਕੇ. ਵਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਐਗਰੀਮੈਂਟ ‘ਤੇ ਜੀ.ਕੇ. ਦੇ ਦਸਤਖ਼ਤ ਹਨ ਤੇ ਇਹ ੬ ਸਾਲ ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਗ਼ਲਤ ਸੀ ਤਾਂ ਜੀ.ਕੇ. ੬ ਸਾਲ ਕਿਉਂ ਚੁੱਪ ਰਹੇ ਤੇ ਉਨ੍ਹਾਂ ਦਸਤਖ਼ਤ ਕਿਉਂ ਕੀਤੇ? ਸਿਰਸਾ ਨੇ ਇਹ ਵੀ ਦੋਸ਼ ਲਾਇਆ ਕਿ ਹੁਣ ਉਹ ਕਮੇਟੀ ਤੋਂ ਬਾਹਰ ਹੋ ਚੁੱਕੇ ਹਨ ਇਸ ਲਈ ਉਨ੍ਹਾਂ ‘ਤੇ ਦੋਸ਼ ਲਗਾ ਕੇ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।