ਪ੍ਰਕਾਸ਼ ਪੁਰਬ ਮੌਕੇ ‘ਅੱਖਾਂ ਦਾ ਪ੍ਰਕਾਸ਼’ ਵੰਡੇਗੀ ਸਿੱਖ ਸੰਗਤ

0
1035

ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਲਈ ‘ਅੱਖਾਂ ਦਾ ਲੰਗਰ’ ਲਾ ਕੇ ਨਵੀਆਂ ਪੈੜਾਂ ਪਾਈਆਂ ਜਾ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਉਣ ਦੀ ਥਾਂ ‘ਅੱਖਾਂ ਦਾ ਲੰਗਰ’ ਲਾਉਣਾ ਚੁਣਿਆ ਗਿਆ ਹੈ ਤੇ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਸਾਇਟੀ ਨੇ ਇੱਥੇ ਸੈਕਟਰ ੧੮ ਸਥਿਤ ਅੱਖਾਂ ਦੇ ਹਸਪਤਾਲ ‘ਚ ਪਹਿਲੀ ਤੋਂ ੧੩ ਨਵੰਬਰ ਤੱਕ ‘ਅੱਖਾਂ ਦਾ ਲੰਗਰ’ ਲਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ੬੬੦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ। ਬਾਹਰੋਂ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਵਾਜਾਈ ਸਮੇਤ ਹੋਰ ਸਾਰੇ ਪ੍ਰਬੰਧ ਕੀਤੇ ਜਾਣਗੇ। ੬੬੦ ਮਰੀਜ਼ਾਂ ਵਿਚੋਂ ੫੫੦ ਮਰੀਜ਼ਾਂ ਦੇ ਚਿੱਟੇ ਮੋਤੀਆ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ੫੫ ਪਰਦੇ ਬਦਲਣ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ। ਇਸੇ ਤਰਾਂ ੫੫ ਮਰੀਜ਼ਾਂ ਦੀਆਂ ਪੁਤਲੀਆਂ ਬਦਲਣ ਦੇ ਅਹਿਮ ਅਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਇਸੇ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਵਿਚ ਇਕ ਵਿਸ਼ੇਸ਼ ਬਿਮਾਰੀ ਤੋਂ ਬਚਾਅ ਲਈ ੫੫੦ ਟੀਕੇ ਵੀ ਲਾਏ ਜਾਣਗੇ। ਸੁਸਾਇਟੀ ਵੱਲੋਂ ਇਨ੍ਹਾਂ ੧੩ ਦਿਨਾਂ ਦੌਰਾਨ ਇੱਥੇ ਪੰਡਾਲ ਵਿਚ ਰੋਜ਼ਾਨਾ ਇਕ ਘੰਟਾ ਕੀਰਤਨ ਦਾ ਪ੍ਰਵਾਹ ਵੀ ਚਲਾਇਆ ਜਾਵੇਗਾ। ਸੁਸਾਇਟੀ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਸਭਰਵਾਲ ਨੇ ਕਿਹਾ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਲੋੜਵੰਦਾਂ ਦੀ ਮਦਦ ਦਾ ਇਹ ਉਪਰਾਲਾ ਕੀਤਾ ਗਿਆ ਹੈ ਤੇ ਨਿੱਗਰ ਸੁਨੇਹਾ ਦੇਣ ਦੀ ਕੋਸ਼ਿਸ਼
ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿਚ ਕੋਈ ਵੀ ਵਿਅਕਤੀ ਆ ਕੇ ਮੁਫ਼ਤ ਅਪਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਕਰਨ ਲਈ ਮਰੀਜ਼ਾਂ ਦੀ ਪਛਾਣ ਲਈ ਛੱਤੀਸਗੜ੍ਹ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਕਈ ਥਾਵਾਂ ‘ਤੇ ਕੈਂਪ ਲਾ ਕੇ ਅੱਖਾਂ ਦੇ ਮਰੀਜ਼ਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।
ਤਰਲੋਚਨ ਸਿੰਘ, ਚੰਡੀਗੜ੍ਹ