ਫਿਨਲੈਂਡ ’ਚ ਭਾਰਤੀਆਂ ਨੂੰ ਦੋ ਹਫ਼ਤਿਆਂ ’ਚ ਮਿਲੇਗਾ ਵਰਕ ਵੀਜ਼ਾ

0
1856

ਭਾਰਤ ਨਾਲ ਦੁਵੱਲੇ ਵਪਾਰਕ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਫਿਨਲੈਂਡ ਅਗਲੇ ਸਾਲ ਤੋਂ ਵਰਕ ਵੀਜ਼ਾ ਮਨਜ਼ੂਰੀ ਦਾ ਸਮਾਂ ਘਟਾ ਕੇ 15 ਦਿਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਹਿਲਾਂ ਵਰਕ ਵੀਜ਼ਾ ਦੇਣ ’ਚ ਕਰੀਬ 52 ਦਿਨਾਂ ਦਾ ਸਮਾਂ ਲਗਦਾ ਸੀ। ਭਾਰਤ ਅਤੇ ਫਿਨਲੈਂਡ ਵਿਚਕਾਰ ਰਿਸ਼ਤੇ ਪਿਛਲੇ ਇਕ ਦਹਾਕੇ ਦੌਰਾਨ ਮਜ਼ਬੂਤ ਹੋਏ ਹਨ। ਦੋਵੇਂ ਮੁਲਕਾਂ ਵਿਚਕਾਰ ਸਾਲਾਨਾ ਵਪਾਰ 2.5 ਅਰਬ ਡਾਲਰ ਪਾਰ ਕਰ ਗਿਆ ਹੈ।
ਫਿਨਲੈਂਡ ਦੇ ਰੁਜ਼ਗਾਰ ਮਾਮਲਿਆਂ ਬਾਰੇ ਮੰਤਰੀ ਟਿਮੋ ਹਰਾਕਾ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤੀਆਂ ਨੂੰ ਵਰਕ ਵੀਜ਼ੇ ਦੇਣ ਦਾ ਸਮਾਂ ਘਟਾਉਣ ਬਾਰੇ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਮੁਲਕਾਂ ਤੋਂ ਸਾਫਟਵੇਅਰ ਮਾਹਿਰਾਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਅਜਿਹੇ ਕਦਮ ਉਠਾਏ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ ਅਗਲੇ ਸਾਲ ਤੋਂ ਉਹ ਇਮੀਗਰੇਸ਼ਨ ਦੀ ਪ੍ਰਕਿਰਿਆ (ਕੰਮ ਅਤੇ ਪੜ੍ਹਾਈ ਆਧਾਰਿਤ) ਬਦਲਣ ਜਾ ਰਹੇ ਹਨ। ਅਕਤੂਬਰ 2018 ਤੋਂ ਅਕਤੂਬਰ 2019 ਦੌਰਾਨ ਰਿਹਾਇਸ਼ੀ ਪਰਮਿਟ 1500 ਤੋਂ ਵੱਧ ਵਧੇਰੇ ਹੁਨਰ ਪ੍ਰਾਪਤ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ਦੇ ਮਾਹਿਰਾਂ ਨੂੰ ਦਿੱਤੇ ਗਏ ਜਿਨ੍ਹਾਂ ’ਚੋਂ ਕਰੀਬ 50 ਫ਼ੀਸਦੀ ਭਾਰਤੀ ਸਨ। ਅਗਲੇ ਤਿੰਨ ਤੋਂ ਪੰਜ ਸਾਲਾਂ ’ਚ ਸਾਫਟਵੇਅਰ ਅਤੇ ਆਈਸੀਟੀ ਮਾਹਿਰਾਂ ਦੀ ਫਿਨਲੈਂਡ ਨੂੰ ਲੋੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਹਰਾਕਾ ਨੇ ਕਿਹਾ ਕਿ ਇਹ ਗਿਣਤੀ ਹਜ਼ਾਰਾਂ ’ਚ ਹੋਵੇਗੀ। ਉਨ੍ਹਾਂ ਕਿਹਾ ਕਿ ਫਿਨਲੈਂਡ ਛੋਟਾ ਜਿਹਾ ਮੁਲਕ ਹੈ ਅਤੇ ਇਹ ਭਾਰਤੀ ਵਿਦਿਆਰਥੀਆਂ ਤੇ ਮਾਹਿਰਾਂ ਦੀ ਪਹਿਲੀ ਪਸੰਦ ਨਹੀਂ ਹੁੰਦਾ ਪਰ ਇਹ ਖੁਸ਼ਹਾਲ ਮੁਲਕਾਂ ਦੀ ਸੂਚੀ ’ਚ ਮੋਹਰੀ ਹੈ।