ਚੋਣਾਂ ‘ਚ ਲਾਹੇ ਲਈ ਟਰੰਪ ਨੇ ਸੱਤਾ ਦੀ ਦੁਰਵਰਤੋਂ ਕੀਤੀ

0
1607

ਵਾਸ਼ਿੰਗਟਨ: ਅਮਰੀਕਾ ਵਿੱਚ ਡੈਮੋਕਰੈਟਸ ਦੇ ਕੰਟਰੋਲ ਵਾਲੀ ਪ੍ਰਤੀਨਿਧ ਸਭਾ ਦੀ ਚੌਕਸੀ ਕਮੇਟੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਮਹਾਦੋਸ਼ ਦੀ ਸੁਣਵਾਈ ‘ਤੇ ਅਧਾਰਿਤ ਆਪਣੀ ਰਿਪੋਰਟ ਵਿੱਚ ਅਮਰੀਕੀ ਸਦਰ ‘ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਕਮੇਟੀ ਨੇ ਕਿਹਾ ਕਿ ਟਰੰਪ ਨੇ ੨੦੨੦ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਲਾਹਾ ਲੈਣ ਲਈ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਬਲਕਿ ਮੁਲਕ ਦੀ ਕੌਮੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾਇਆ।
ਕਮੇਟੀ ਮੁਤਾਬਕ ਅਮਰੀਕੀ ਸਦਰ ਨੇ ਕੌਮੀ ਹਿੱਤਾਂ ਦੀ ਥਾਂ ਨਿੱਜੀ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ। ਸਦਨ ਦੀਆਂ ਤਿੰਨ ਕਮੇਟੀਆਂ ਦੇ ਮੁਖੀਆਂ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ, ‘ਤੱਥਾਂ/ਸਬੂਤਾਂ ਤੋਂ ਸਾਫ਼ ਹੈ ਕਿ ਰਾਸ਼ਟਰਪਤੀ ਟਰੰਪ ਨੇ ਅਗਾਮੀ ਚੋਣਾਂ ਵਿੱਚ ਆਪਣੇ ਸਿਆਸੀ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਵਾਉਣ ਦੇ ਇਰਾਦੇ ਨਾਲ ਯੂਕਰੇਨ ‘ਤੇ ਦਬਾਅ ਪਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਗਲ਼ਤ ਬਿਆਨਬਾਜ਼ੀ ਕੀਤੀ ਕਿ ੨੦੧੬ ਦੀ ਚੋਣ ਮੌਕੇ ਰੂਸ ਨੇ ਨਹੀਂ ਬਲਕਿ ਯੂਕਰੇਨ ਨੇ ਨਾਜਾਇਜ਼ ਦਖ਼ਲ ਦਿੱਤਾ ਸੀ।’ ਵ੍ਹਾਈਟ ਹਾਊਸ ਨੇ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦਿਆਂ ਡੈਮੋਕਰੈਟਸ ਦੀ ਨੁਕਤਾਚੀਨੀ ਕੀਤੀ
ਹੈ।