ਕਬੂਤਰਬਾਜ਼ੀ ਮਾਮਲੇ ‘ਚ ਦਲੇਰ ਮਹਿੰਦੀ ਦੀ ਸਜ਼ਾ ‘ਤੇ ਲੱਗੀ ਰੋਕ

0
2055

ਕਬੂਤਰਬਾਜ਼ੀ ਮਾਮਲੇ ‘ਚ ਦਲੇਰ ਮਹਿੰਦੀ ਦੀ ਸਜ਼ਾ ‘ਤੇ ਅੱਜ ਪਟਿਆਲਾ ਦੇ ਸੈਸ਼ਨ ਕੋਰਟ ਨੇ ਰੋਕ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ 16 ਮਾਰਚ ਨੂੰ ਕੋਰਟ ਨੇ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ‘ਚ 2 ਸਾਲ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਦਲੇਰ ਮਹਿੰਦੀ ਦੇ ਵਕੀਲ ਬਲਜਿੰਦਰ ਸੋਢੀ ਨੇ ਦੱਸਿਆ ਕਿ ਪਟਿਆਲਾ ਸੈਸ਼ਨ ਕੋਰਟ ਨੇ ਅਪੀਲ ਸਵੀਕਾਰ ਕਰਦਿਆਂ ਸਜ਼ਾ ‘ਤੇ ਰੋਕ ਲਗਾਈ ਹੈ। ਹੁਣ ਪਟਿਆਲਾ ਸੈਸ਼ਨ ਕੋਰਟ ਇਸ ਪੂਰੇ ਮਾਮਲੇ ਨੂੰ ਵਿਚਾਰੇਗੀ।

ਸਾਲ 2003 ‘ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ‘ਤੇ ਦਲੇਰ ਮਹਿੰਦੀ, ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ, ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਬਖਸ਼ੀਸ਼ ਸਿੰਘ ਦਾ ਕਹਿਣਾ ਸੀ ਕਿ ਦਲੇਰ ਮਹਿੰਦੀ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਂ ‘ਤੇ 20 ਲੱਖ ਰੁਪਏ ਲਏ ਸਨ। ਇਸ ਮਗਰੋਂ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ।