ਕੈਪਟਨ ਸਰਕਾਰ ਲਈ ਖੜ੍ਹੀ ਹੋਈ ਇੱਕ ਹੋਰ ਮੁਸੀਬਤ, ਅੰਦਰੂਨੀ ਖਿੱਚੋਤਾਣ ਨਹੀਂ ਹੋ ਰਹੀ ਬੰਦ

0
1013

ਪੰਜਾਬ- ਕੈਪਟਨ ਸਰਕਾਰ ਵਿਚ ਅੰਦਰੂਨੀ ਖਿੱਚੋਤਾਣ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਹਰ ਰੋਜ਼ ਕੈਪਟਨ ਦੇ ਮੰਤਰੀ ਆਪਣੀ ਹੀ ਸਰਕਾਰ ਵਿਰੁੱਧ ਸਵਾਲ ਚੁੱਕ ਕੇ ਕੋਈ ਨਾ ਕੋਈ ਨਵਾਂ ਵਿਵਾਦ ਖੜ੍ਹਾ ਕਰ ਰਹੇ ਹਨ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿੱਥੇ ਬੇਅਦਬੀ ਮਾਮਲਿਆਂ ਉੱਤੇ ਆਪਣੀ ਹੀ ਸਰਕਾਰ ਨੂੰ ਘੇਰ ਚੁੱਕੇ ਹਨ। ਉੱਥੇ ਹੀ ਹੁਣ ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਵਿੱਤ ਵਿਭਾਗ ਦੇ ਕੰਮ-ਕਾਜ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਸ ਪਿੱਛੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋੜਵਾਂ ਜਵਾਬ ਦਿੱਤਾ ਹੈ।
ਰਵਨੀਤ ਬਿੱਟੂ ਦੇ ਬਿਆਨ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਹਰ ਜਗ੍ਹਾ ਚੁੱਕਣਾ ਠੀਕ ਨਹੀਂ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੀਡੀਆ ਸਾਹਮਣੇ ਵਿੱਤ ਮੰਤਰਾਲੇ ‘ਤੇ ਸਵਾਲ ਚੁੱਕਣੇ ਸਹੀ ਨਹੀਂ ਹਨ, ਜੇਕਰ ਉਨ੍ਹਾਂ ਨੂੰ ਮੇਰੇ ‘ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਜਾਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖ ਸਕਦੇ ਹਨ।
ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਵਿਚ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਖਿਲਾਫ ਜੰਮ ਕੇ ਭੜਾਸ ਕੱਢੀ ਹੈ। ਦਰਅਸਲ ਬਿੱਟੂ ਅੱਜ ਇਕ ਕੇਸ ‘ਚ ਬਠਿੰਡਾ ਵਿਖੇ ਅਦਾਲਤ ‘ਚ ਪੇਸ਼ ਹੋਣ ਲਈ ਪੁੱਜੇ ਸਨ। ਇਸ ਦੌਰਾਨ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੀ ਵਜ਼ਾਰਤ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ ਤਾਂ ਇਸ ‘ਤੇ ਬਿੱਟੂ ਨੇ ਕਿਹਾ ਕਿ ਜੇਕਰ ਕੋਈ ਬਾਹਰੋਂ ਆ ਕੇ ਮਨਿਸਟਰੀ ਲੈ ਲਵੇ ਤਾਂ ਕਾਂਗਰਸੀ ਕਿਥੇ ਜਾਣਗੇ।
ਬਿੱਟੂ ਨੇ ਕਿਹਾ ਸੀ ਕਿ ਜੇਕਰ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਮੰਨਦੇ ਤਾਂ ਪੰਜਾਬ ਕਾਂਗਰਸ ਵਿਚ ਚੰਗੀ ਵਾਜ਼ਾਰਤ ਹਾਸਲ ਕਰ ਸਕਦੇ ਸਨ ਪਰ ਉਨ੍ਹਾਂ ਨੇ ਆਪਣੇ ਅੰਦਾਜ਼ ਵਿਚ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਇਆ। ਬਿੱਟੂ ਨੇ ਕਿਹਾ ਕਿ ਸਿੱਧੂ ਦਾ ਰੋਲ ਬੀ. ਜੇ. ਪੀ. ਵਿਚ ਅਜਿਹਾ ਹੀ ਸੀ।