ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦਾ ਕੈਨੇਡਾ ‘ਚ ਪੂਰਾ ਮਾਣ-ਸਨਮਾਨ: ਬੈਂਸ

0
1022

ਓਟਾਵਾ: ਕੈਨੇਡਾ ਦੇ ਕਾਢ, ਖੋਜ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਆ ਰਹੇ ਵਿਦਿਆਰਥੀਆਂ ਤੇ ਕਾਮਿਆਂ ਸਮੇਤ ਹਰੇਕ ਪ੍ਰਕਾਰ ਦੇ ਪ੍ਰਵਾਸੀਆਂ ਦਾ ਦੇਸ਼ ‘ਚ ਸਤਿਕਾਰ ਹੈ। ਲੇਬਰ ਮਾਰਿਕਟ ਇੰਪੈਕਟ ਅਸੈਸਮੈਂਟ (ਐਲ. ਐਮ. ਆਈ. ਏ.) ਪ੍ਰਣਾਲੀ ‘ਚ ਵੱਡੇ ਸੁਧਾਰਾਂ ਦੀ ਲੋੜ ਬਾਰੇ ਗੱਲਬਾਤ ਕਰਦਿਆਂ ਬੈਂਸ ਨੇ ਦੱਸਿਆ ਕਿ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਕਾਰੋਬਾਰਾਂ ਦੇ ਮਾਲਕਾਂ ਵਿਚਕਾਰ ਗਠਜੋੜ ਨਾਲ ਐਲ.ਐਮ.ਆਈ.ਏ. ਵੇਚਣ ਦੇ ਭ੍ਰਿਸ਼ਟਾਚਾਰ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਵੱਢੀਖੋਰੀ ਨਾਲ ਖਤਮ ਹੋਏ ਆਪਣੇ ਦੇਸ਼ਾਂ ਦੇ ਸਿਸਟਮ ਦੇ ਸਤਾਏ ਲੋਕ ਕੈਨੇਡਾ ਦੀ ਚੋਣ ਇਸ ਕਰ ਕੇ ਹੀ ਕਰਦੇ ਹਨ ਕਿ ਕੈਨੇਡਾ ਵਿਚ ਉਨ੍ਹਾਂ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾ ਸਕਦਾ। ਬੀਤੇ ਕੁਝ ਸਾਲਾਂ ਤੋਂ ਕੈਨੇਡਾ ਵੱਲ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਵਜੋਂ ਲੜਕੇ ਅਤੇ ਲੜਕੀਆਂ ਦਾ ਵੱਡਾ ਝੁਕਾਅ ਬਣਿਆ ਹੋਇਆ ਹੈ, ਜਿਨ੍ਹਾਂ ਦਾ ਇਰਾਦਾ ਕੈਨੇਡਾ ਵਿਚ ਪੱਕੇ ਤੌਰ ‘ਤੇ ਰਹਿਣ ਦਾ ਹੁੰਦਾ ਹੈ। ਉਨ੍ਹਾਂ ਨੂੰ ਕਿਸੇ ਸਥਾਨਕ ਕਾਰੋਬਰ ਵਿਚ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਨੌਕਰੀ ਦੀ ਪੇਸ਼ਕਸ਼ ਮਿਲ ਜਾਵੇ, ਤਾਂ ਵਰਕ ਪਰਮਿਟ ਮਿਲਣ ਤੇ ਪੱਕੇ ਹੋਣ ਲਈ ਰਾਹ ਪੱਧਰਾ ਹੋਣ ਲੱਗਦਾ ਹੈ। ਨੌਕਰੀ ਦੀ ਪੇਸ਼ਕਸ਼ ਨੂੰ ਸਰਕਾਰੀ ਵਿਭਾਗ, ਇੰਪਲਾਏਮੈਂਟ ਐਾਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈ.ਐਸ.ਡੀ.ਸੀ.) ਵਲੋਂ ਮਾਨਤਾ ਦੇਣ ਦੀ ਪ੍ਰਕਿਰਿਆ ਉਪਰੰਤ ਮਿਲਦੀ ਮਨਜ਼ੂਰੀ ਨੂੰ ਐਲ.ਐਮ.ਆਈ.ਏ. ਕਿਹਾ ਜਾਂਦਾ ਹੈ। ਸਰਕਾਰ ਤੋਂ ਐਲ.ਐਮ.ਆਈ.ਏ. ਲੈ ਕੇ ਵਿਦੇਸ਼ੀ ਕਾਮੇ ਰੱਖਣ ਦੇ ਸਿਲਸਿਲੇ ਵਿਚ ਬਹੁਤ ਸਾਰੇ ਕੈਨੇਡੀਅਨ ਕਾਰੋਬਾਰੀਆਂ ਤੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਮਾਹਿਰਾਂ ਦੀਆਂ ਧਾਂਦਲੀਆਂ ਬਾਰੇ ਕਈ ਕੌਮੀ ਪੱਧਰ ਦੀਆਂ ਮੀਡੀਆ ਰਿਪੋਰਟਾਂ ਤੇ ਦੰਦਕਥਾਵਾਂ ਬੀਤੇ ਸਾਲਾਂ ਤੋਂ ਕੈਨੇਡਾ ਵਿਚ ਚਰਚਿਤ ਹਨ, ਜਿਸ ਦੌਰਾਨ ਐਲ.ਐਮ.ਆਈ.ਏ. ਦਾ ਅਖੌਤੀ ਲੈਣ-ਦੇਣ ੫੦੦੦ ਡਾਲਰ ਤੋਂ ਸ਼ੁਰੂ ਹੋ ਕੇ ਇਸ ਸਮੇਂ ੫੦੦੦੦ ਡਾਲਰਾਂ ਤੱਕ ਪੁੱਜ ਗਿਆ ਦੱਸਿਆ ਜਾਂਦਾ ਹੈ। ਇਹ ਵੀ ਕਿ ਬਹੁਤ ਸਾਰੇ ਮਾਲਕ ਆਪਣੇ ਕੰਮ ਵਿਚੋਂ ਓਨੇ ਡਾਲਰ ਨਹੀਂ ਕਮਾ ਰਹੇ, ਜਿੰਨਾ ਪੈਸਾ ਮਜ਼ਬੂਰੀਆਂ ‘ਚ ਫਸੇ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਐਲ.ਐਮ.ਆਈ.ਏ. ਵੇਚ ਕੇ ਇਕੱਠਾ ਕੀਤਾ ਜਾ ਰਿਹਾ ਹੈ। ਇਸ ਰੁਝਾਨ ਨਾਲ ਕੈਨੇਡਾ ਵਿਚ ਵੱਢੀਖੋਰੀ ਨੂੰ ਉਤਸ਼ਾਹ ਮਿਲਿਆ ਹੈ, ਜਿਸ ਨੂੰ ਠੱਲ੍ਹ ਪਾਉਣ ਬਾਰੇ ਬੈਂਸ ਨੇ ਕਿਹਾ ਕਿ ਦੇਸ਼ ਦੀ ਕਿਰਤ ਮੰਤਰੀ ਫਿਲੋਮਨਾ ਤਾਸੀ ਤੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨਾਲ ਮਿਲ ਕੇ ਇਸ ਸਮੱਸਿਆ ਦਾ ਠੋਸ ਹੱਲ ਕੱਢਿਆ ਜਾਵੇਗਾ। ਬੈਂਸ ਨੇ ਇਹ ਵੀ ਕਿਹਾ ਕਿ ਕੈਨੇਡਾ ਵਿਚ ਦੁਨੀਆਂ ਦੇ ਲੋਕਾਂ ਦਾ ਵਿਸ਼ਵਾਸ਼ ਬਣਾ ਕੇ ਰੱਖਣਾ ਅਤਿ ਜ਼ਰੂਰੀ ਹੈ, ਜਿਸ ਕਰਕੇ ਕਿਸੇ ਨੂੰ ਵੀ ਸਰਕਾਰ ਦੀ ਇਸ ਪ੍ਰਣਾਲੀ ਨਾਲ ਖਿਲਵਾੜ ਕਰਨ ਦੀ ਖੁਲ੍ਹ ਨਹੀਂ ਦਿੱਤੀ ਜਾ
ਸਕਦੀ।