ਕੈਨੇਡਾ ਦੇ ਵੀਜ਼ਾ ਸਿਸਟਮ ਬਾਰੇ ਭੰਬਲਭੂਸਾ ਬਰਕਰਾਰ

0
1021

ਵੈਨਕੂਵਰ: ਕੁਝ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੈਨੇਡਾ ਦੇ ਵੀਜ਼ਾ ਭਾਵੇਂ ਧੜਾਧੜ ਮਿਲੇ ਹਨ ਪੰਜਾਬੀਆਂ/ਪੰਜਾਬਣਾਂ ਦੀ ਕੈਨੇਡਾ ‘ਚ ਚਹਿਲ-ਪਹਿਲ ਵਧੀ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਅਜਿਹੇ ਕੇਸ ਹਨ ਜਿਨ੍ਹਾਂ ‘ਚ ਵੀਜ਼ਾ ਤੋਂ ਨਾਂਹ ਕੀਤੀ ਜਾਂਦੀ ਹੈ ਜਾਂ ਅਰਜ਼ੀ ਨੂੰ ਲੰਬਾ ਸਮਾਂ ਲਮਕਾ ਕੇ ਰੱਖਿਆ ਜਾਂਦਾ ਹੈ। ਕੈਨੇਡਾ ਸਥਿਤ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਦੇ ਸੱਦੇ ‘ਤੇ ਸਾਰਾ ਸਾਲ ਪਾਠੀ, ਰਾਗੀ, ਢਾਡੀ ਅਤੇ ਕਥਾਵਾਚਕ ਕੈਨੇਡਾ ਜਾਂਦੇ ਰਹਿੰਦੇ ਹਨ ਜੋ ਛੇ ਮਹੀਨਿਆਂ ਦੀ ਠਾਹਰ ਮਗਰੋਂ ਵਾਪਸ ਪਰਤ ਜਾਂਦੇ ਹਨ ਪਰ ਕਦੇ-ਕਦੇ ਜੱਥਿਆਂ ਦੇ ਮੈਂਬਰਾਂ ਜਾਂ ਧਾਰਮਿਕ ਬੁਲਾਰਿਆਂ ਵਲੋਂ ਰੂਪੋਸ਼ ਹੋ ਕੇ ਰਾਜਸੀ ਸ਼ਰਨ ਅਪਲਾਈ ਕਰਨ ਦੇ ਕੇਸ ਵੀ ਸਾਹਮਣੇ ਆ ਜਾਂਦੇ ਹਨ। ਪਤਾ ਲੱਗਾ ਹੈ ਕਿ ਬੀਤੇ ਕੁਝ ਸਮੇਂ ਤੋਂ ਕੈਨੇਡਾ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੱਦੇ ‘ਤੇ ਨਾਮਵਰ ਜਥਿਆਂ ਅਤੇ ਪੰਥਕ ਬੁਲਾਰਿਆਂ ਨੂੰ ਵੀਜ਼ਾ ਤੋਂ ਨਾਂਹ ਕਰ ਦਿੱਤੀ ਜਾਂਦੀ ਹੈ ਅਤੇ ਜੇਕਰ ਜਥੇ ਵਾਲੇ ਆਪਣੇ ਆਪ (ਘਰਾਂ ‘ਚ ਪ੍ਰੋਗਰਾਮ ਕਰਨ ਲਈ) ਵੀਜ਼ਾ ਅਪਲਾਈ ਕਰ ਦੇਣ ਤਾਂ ਉਨ੍ਹਾਂ ਨੂੰ ਦਸ ਸਾਲਾਂ ਤੱਕ ਦਾ ਮਲਟੀਪਲ ਵੀਜ਼ਾ ਦੇ ਦਿੱਤਾ ਜਾਂਦਾ ਹੈ। ਘਰਾਂ ‘ਚ ਧਾਰਮਿਕ ਪ੍ਰੋਗਰਾਮ ਕਰਨ ਦੇ ਬਹਾਨੇ ਕੈਨੇਡਾ ਪੁੱਜਣ ਵਾਲੇ ਜੱਥਿਆਂ ਨੂੰ ਅਕਸਰ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ, ਕਿਉਂਕਿ ਇਮੀਗ੍ਰੇਸ਼ਨ ਅਫਸਰਾਂ ਵਲੋਂ ਉਨ੍ਹਾਂ ਦੀ ਠਾਹਰ ਕੁਝ ਦਿਨਾਂ ਤੱਕ ਸੀਮਤ ਕਰਕੇ (ਪ੍ਰੋਗਰਾਮ ਦੀ ਤਰੀਕ ਤੋਂ ਅਗਲੇ ਦਿਨ) ਵਾਪਿਸ ਪਰਤ ਜਾਣ ਦਾ ਹੁਕਮ ਕਰ ਦਿੱਤਾ ਜਾਂਦਾ ਹੈ। ਉਂਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ) ਗੁਰਦੁਆਰਾ ਸਾਹਿਬ ਦੇ ਸਕੱਤਰ ਰਣਜੀਤ ਸਿੰਘ ਦੂਲੇ ਨੇ ਦੱਸਿਆ ਹੈ ਕਿ ਧਾਰਮਿਕ ਸੇਵਾ ਲਈ ਕੈਨੇਡਾ ਦੇ ਵੀਜ਼ਾ ਸਿਸਟਮ ਤੋਂ ਨਾਂਹ ਜਾਂ ਹਾਂ ਹੋਣ ਬਾਰੇ ਭੰਬਲਭੂਸਾ ਬਣਿਆ ਰਹਿੰਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸੇ ਕਰਕੇ ਕੈਨੇਡੀਅਨ ਵੀਜ਼ਾ ਸਿਸਟਮ ‘ਚ ਵੀਜ਼ਾ ਤੋਂ ਹਾਂ ਅਤੇ ਨਾਂਹ ਦਾ ਭੇਦ ਬੜਾ ਗਹਿਰਾ ਜਾਪਦਾ ਹੈ। ਇਸੇ ਤਰ੍ਹਾਂ ਭਾਰਤ ਦੇ ਉੱਚ-ਪੁਲਿਸ ਅਤੇ ਫੌਜੀ ਅਧਿਕਾਰੀਆਂ ਨੂੰ ਵੀ ਕੈਨੇਡਾ ਦੇ ਵੀਜ਼ੇ ਅਤੇ ਪੱਕੀ ਇਮੀਗ੍ਰੇਸ਼ਨ ਲੈਣ ਮੌਕੇ ਸੂਈ ਦੇ ਨੱਕੇ ‘ਚੋਂ ਨਿਕਲਣ ਵਾਂਗ ਇਮਤਿਹਾਨਾਂ ਦੀਆਂ ਘੜੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।