ਕੈਨੇਡਾ ਦੇ ਵੀਜ਼ਾ ਧਾਰਕਾਂ ਨੂੰ ਹੁਣ ਲੰਘਣਾ ਪੈਂਦਾ ਸਖਤ ਜਾਂਚ ਵਿਚੋਂ

0
1165

ਟੋਰਾਂਟੋ: ਕੈਨੇਡਾ ਦਾ ਵੀਜ਼ਾ ਮਿਲ ਜਾਣ ਤੋਂ ਬਾਅਦ ਅਕਸਰ ਓਥੇ ਪੁੱਜਣਾ ਤੈਅ ਹੋ ਗਿਆ ਸਮਝ ਲਿਆ ਜਾਂਦਾ ਹੈ ਜਦਕਿ ਸਾਰੀਆਂ ਰੁਕਾਵਟਾਂ ਖਤਮ ਨਹੀਂ ਹੋਈਆਂ ਹੁੰਦੀਆਂ। ਕਿਸੇ ਦੇਸ਼ ਦਾ ਵੀਜ਼ਾ ਓਥੇ ਦੀ ਸਰਹੱਦ ਪੁੱਜਣ ਤੱਕ ਦੀ ਸਹੂਲਤ ਦਿੰਦਾ ਹੈ।
ਓਥੇ ਐਂਟਰੀ ਦੇਣ ਦਾ ਫੈਸਲਾ ਮੌਕੇ ‘ਤੇ ਤਾਇਨਾਤ ਇਮੀਗ੍ਰੇਸ਼ਨ ਅਫ਼ਸਰਾਂ ਦਾ ਅਧਿਕਾਰ ਹੈ। ਉਹ ਵਾਪਸ ਵੀ ਮੋੜ ਸਕਦੇ ਹਨ।
ਕੈਨੇਡਾ ਵਿਖੇ ਇਮੀਗ੍ਰੇਸ਼ਨ ਅਫ਼ਸਰਾਂ ਤੱਕ ਪੁੱਜਣ ਤੋਂ ਪਹਿਲਾਂ ਵੀ ਰੁਕਾਵਟਾਂ ਪੈਂਦੀਆਂ ਹਨ ਜਿਵੇਂ ਕਿ ਜਹਾਜ਼ ਚੜ੍ਹਨ ਵੇਲੇ ਹਵਾਈ ਅੱਡੇ ਅੰਦਰ ਪਾਸਪੋਰਟ ਦੀ ਜਾਂਚ ਅਤੇ ਉਸ ਮੌਕੇ ਕੀਤੇ ਜਾਣ ਵਾਲ਼ੇ ਸਵਾਲ। ਜਿਸ ਜਹਾਜ਼ ‘ਚ ਕੈਨੇਡਾ ਪੁੱਜਣਾ ਹੁੰਦਾ ਹੈ, ਉਸ ਹਵਾਈ ਕੰਪਨੀ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਕੋਈ ਜਾਅਲੀ ਵੀਜ਼ਾ ਜਾਂ ਪਾਸਪੋਰਟ ਧਾਰਕ ਸਵਾਰ ਨਾ ਹੋਵੇ।
ਅਜਿਹਾ ਹੋਵੇ ਤਾਂ ਕੈਨੇਡਾ ਸਰਕਾਰ ਵਲੋਂ ਭਾਰੀ ਜੁਰਮਾਨਾ (੩੨੦੦ ਡਾਲਰ) ਕੀਤਾ ਜਾਂਦਾ ਹੈ ਅਤੇ ਜਾਅਲੀ ਯਾਤਰੀ ਨੂੰ ਵਾਪਸ ਵੀ ਲਿਜਾਣਾ ਪੈਂਦਾ ਹੈ। ਹਵਾਈ ਕੰਪਨੀ ਨੂੰ ਜੁਰਮਾਨੇ ਅਤੇ ਜਾਅਲੀ ਯਾਤਰੀ ਵਾਪਸ ਲਿਜਾਣ ਦੀ ਵਿਵਸਥਾ ਅਮਰੀਕਾ, ਬਰਤਾਨੀਆ ਅਤੇ ਹੋਰ ਪੱਛਮੀ ਯੂਰਪੀ ਦੇਸ਼ਾਂ ਵਲੋਂ ਵੀ ਲਾਗੂ ਕੀਤੀ ਗਈ
ਹੈ। ਇਹੀ ਕਾਰਨ ਹੈ ਕਿ ਜਹਾਜ਼ ਚੜ੍ਹ੍ਹਨ ਤੋਂ ਪਹਿਲਾਂ ਹਵਾਈ ਕੰਪਨੀ ਦੇ ਅਧਿਕਾਰੀ ਪੁੱਛ-ਪੜਤਾਲ ਕਰਦੇ ਹਨ। ਸ਼ੱਕੀ ਕੇਸ ‘ਚ ਪੜਤਾਲ਼ ਡੂੰਘਾਈ ਤੱਕ ਕੀਤੀ ਜਾਂਦੀ ਹੈ ਅਤੇ ਕੇਸ ਪੁਲਿਸ ਨੂੰ ਵੀ ਦਿੱਤੇ ਜਾਂਦੇ
ਹਨ। ਇਸ ਪੜਤਾਲੀਆ ਕਾਰਵਾਈ ਲਈ ਕੈਨੇਡੀਅਨ ਅਧਿਕਾਰੀ ਵੀ ਹਵਾਈ ਕੰਪਨੀ ਦੇ ਸੰਪਰਕ ‘ਚ ਹੁੰਦੇ ਹਨ ਪਰ ਯਾਤਰੀ ਨੂੰ ਜਹਾਜ਼ ਚੜ੍ਹਨ ਦੇਣ ਜਾਂ ਰੋਕਣ ਬਾਰੇ ਫੈਸਲਾ ਕਰਨ ਦੀ ਜ਼ਿੰਮੇਵਾਰੀ ਹਵਾਈ ਕੰਪਨੀ ਦੀ ਤੈਅ ਕੀਤੀ ਗਈ ਹੈ।
ਰਿਪੋਰਟ ਅਨੁਸਾਰ ੨੦੧੮ ਦੌਰਾਨ ਵੱਖ-ਵੱਖ ਦੇਸ਼ਾਂ ਦੇ ੭੨੦੦ ਤੋਂ ਵੱਧ ਵਿਅਕਤੀ ਕੈਨੇਡਾ ਜਾਣ ਵਾਲ਼ੇ ਜਹਾਜ਼ਾਂ ‘ਚ ਨਹੀਂ ਬੈਠਣ ਦਿੱਤੇ ਗਏ ਸਨ। ਭਾਰਤੀ ਹਵਾਈ ਅੱਡਿਆਂ ਤੋਂ ਕੈਨੇਡਾ ਦੇ ੧੦੮੦ ਸੈਲਾਨੀ ਵੀਜ਼ਾ ਧਾਰਕਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕਿਆ ਗਿਆ ਸੀ।