ਕੈਨੇਡਾ ਵਿੱਚ ਟਰੱਕ ਇੰਡਸਟਰੀ ਵਿੱਚ ਕੁਆਲੀਫਾਈਡ ਟਰੱਕ ਡਰਾਈਵਰਾਂ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਇਸ ਵੇਲੇ ਕਰੀਬ ੨੨੦੦੦ ਟਰੱਕ ਡਰਾਈਵਰਾਂ ਦੀ ਲੋੜ ਹੈ। ਸਾਲ ੨੦੩੪ ਤੱਕ ਸਥਿਤੀ ਹੋਰ ਵੀ ਭਿਆਨਕ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ । ਉਦੋਂ ਤੱਕ ੩੪੦੦੦ ਟਰੱਕ ਡਰਾਈਵਰਾਂ ਦੀ ਕਿੱਲਤ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹ ਅੰਕੜਾ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਵੱਲੋਂ ਜਾਰੀ ਕੀਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਦੀ ਭਰਤੀ ਵਿੱਚ ਹੁਣ ਪੁਰਸ਼ਾਂ ਦੇ ਨਾਲ ਔਰਤਾਂ ਨੂੰ ਵੀ ਭਰਤੀ ਕਰਨ ਦੀ ਲੋੜ ਹੈ। ਬੇਸ਼ੱਕ ਇਹ ਇਕ ਔਖਾ ਕੰਮ ਹੈ ਪਰ ਔਰਤ ਸ਼ਕਤੀ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਟਰੱਕ ਸਨਅਤ ਵਿੱਚ ਡਰਾਈਵਰਾਂ ਦੀ ਕਮੀ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ। ਹਾਲਾਤ ਇਹ ਬਣ ਚੁੱਕੇ ਹਨ ਕਿ ਬਹੁਤ ਸਾਰੇ ਰੂਟਾਂ ਉੱਪਰ ਕੰਪਨੀਆਂ ਡਰਾਈਵਰਾਂ ਦੀ ਅਣਹੋਂਦ ਕਾਰਨ ਆਪਣੇ ਟਰੱਕ ਚਲਾਉਣ ਤੋਂ ਅਸਮਰਥ ਹਨ।
ਟਰੱਕ ਸਨਅਤ ਵਿੱਚ ਨੌਜਵਾਨਾਂ ਦੇ ਨਾ ਆਉਣ ਦਾ ਕਾਰਨ:
ਓਨਟਾਰੀਓ ਟਰੱਕਿੰਗ ਐਸੋਸੀਏਸ਼ਨ ਦੇ ਮੁਖੀ ਗਸ ਰਹੀਮ ਦਾ ਕਹਿਣਾ ਹੈ ਕਿ ਕੁਆਲੀਫਾਈ ਟਰੱਕ ਡਰਾਈਵਰ ਬਣਨ ਦੇ ਲਈ ਕੋਰਸ ਹੁੰਦਾ ਹੈ ਜਿਸ ਦੀ ਕੀਮਤ ਅੱਠ ਹਜ਼ਾਰ ਡਾਲਰ ਹੈ। ਜੋ ਕਿ ਕਾਫੀ ਜ਼ਿਆਦਾ ਹੈ। ਇਹ ਕੋਰਸ ਹਾਈ ਸਕੂਲ ਪਾਸ ਕਰਨ ਤੋਂ ਬਾਅਦ ਹੁੰਦਾ ਹੈ। ਜਦੋਂ ਵਿਦਿਆਰਥੀ ਕੋਰਸ ਨੂੰ ਖਤਮ ਕਰਦਾ ਹੈ ਤਾਂ ਉਸ ਦੀ ਉਮਰ ੧੮ ਸਾਲ ਹੁੰਦੀ ਹੈ। ਕੈਨੇਡਾ ਵਿੱਚ ਅਠਾਰਾਂ ਸਾਲ ਦਾ ਲੜਕਾ ਟਰੱਕ ਡਰਾਈਵਰ ਬਣ ਸਕਦਾ ਹੈ ਜਦਕਿ ਅਮਰੀਕਾ ਵਿੱਚ ਟਰੱਕ ਡਰਾਈਵਰ ਬਣਨ ਦੇ ਲਈ ਘੱਟੋ ਘਟ ਉਮਰ ੨੧ ਸਾਲ ਹੋਣੀ ਚਾਹੀਦੀ ਹੈ। ਕੁਝ ਟਰੱਕਿੰਗ ਕੰਪਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਟਰੱਕ ਡਰਾਈਵਰ ਦੀ ਉਮਰ ੨੩ ਸਾਲ ਤੋਂ ਜ਼ਿਆਦਾ ਹੋਵੇ । ਕੈਨੇਡਾ ਦੇ ਵਿੱਚ ਜ਼ਿਆਦਾਤਰ ਸਾਮਾਨ ਜੋ ਬਣਦਾ ਹੈ ਉਸ ਨੂੰ ਟਰਕਿੰਗ ਰਾਹੀਂ ਅਮਰੀਕਾ ਭੇਜਿਆ ਜਾਂਦਾ ਹੈ । ਕੈਰੀਅਰ ਦੇ ਕੁਝ ਸਾਲ ਕੰਮ ਨਾ ਮਿਲਣ ਦੇ ਖ਼ਦਸ਼ੇ ਕਾਰਨ ਨੌਜਵਾਨ ਟਰੈਕਿੰਗ ਲਾਈਨ ਵਿੱਚ ਨਹੀਂ ਆਉਂਦੇ ਅਤੇ ਉਹ ਕਿਸੇ ਹੋਰ ਖੇਤਰ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਂਦੇ ਹਨ। ਰਹੀਮ ਨੇ ਦੱਸਿਆ ਕਿ ਇਸ ਵੇਲੇ ਟਰੱਕ ਸਨਅਤ ਵਿੱਚ ਆਉਣ ਵਾਲੇ ਡਰਾਈਵਰਾਂ ਦੀ ਉਮਰ ਚਾਲੀ ੪੦ ਤੋਂ ੬੫ ਸਾਲ ਹੈ ਇਸ ਤੋਂ ਇਲਾਵਾ ਇਸ ਸਨਅਤ ਵਿੱਚ ਜਿਥੇ ਡਰਾਈਵਰਾਂ ਦੀ ਘਾਟ ਹੈ ਉੱਥੇ ਔਰਤਾਂ ਦੀ ਸੰਖਿਆ ਸਿਰਫ ਤਿੰਨ ਫੀਸਦੀ ਹੀ ਹੈ। ਜੇ ਇਸ ਖੇਤਰ ਨੂੰ ਕਾਮਯਾਬ ਕਰਨਾ ਹੈ ਤਾਂ ਜਿੱਥੇ ਕੋਰਸ ਦੀ ਫੀਸ ਵਿੱਚ ਕਮੀ ਕੀਤੀ ਜਾਣੀ ਚਾਹੀਦੀ ਹੈ ਉੱਥੇ ਔਰਤਾਂ ਨੂੰ ਵੀ ਇਸ ਖੇਤਰ ਦੇ ਵਿੱਚ ਆਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਇਸ ਵਿੱਚ ਰੋਮਾਂਚ ਵੀ ਹੈ ਅਤੇ ਪੈਸਾ ਵੀ ਅਤੇ ਇਸ ਨੂੰ ਆਪਣੇ ਪਹਿਲੇ ਕਿੱਤੇ ਵਜੋਂ ਅਪਣਾਇਆ ਜਾ ਸਕਦਾ ਹੈ।