ਕੈਨੇਡਾ ‘ਚ ਨਵੇਂ ਅਤੇ ਪੁਰਾਣੇ ਪੰਜਾਬੀਆਂ ਵਿਚਕਾਰ ਪਾੜਾ ਪਿਆ

0
1432

ਟੋਰਾਂਟੋ: ਕੈਨੇਡਾ ਦਹਾਕਿਆਂ ਤੋਂ ਪੰਜਾਬੀਆਂ ਦਾ ਚਹੇਤਾ ਦੇਸ਼ ਹੈ। ਮੌਜੂਦਾ ਦੌਰ ‘ਚ ਪੰਜਾਬ ਦੇ ਲੋਕਾਂ ਦਾ ਕੈਨੇਡਾ ਵੱਲ੍ਹ ਵਹਾਅ ਬੀਤੇ ਸਾਰੇ ਸਮਿਆਂ ਤੋਂ ਵੱਧ ਹੈ, ਜਿਸ ਵਿਚ ਵੱਡਾ ਰੋਲ ਕੈਨੇਡਾ ਸਰਕਾਰ ਵਲੋਂ ਖੁਲ੍ਹਦਿਲੀ ਨਾਲ ਦਿੱਤੇ ਜਾ ਰਹੇ ਵੀਜ਼ਿਆਂ ਦਾ ਹੈ। ਕਮਾਲ ਦੀ ਗੱਲ ਤਾਂ ਇਹ ਵੀ ਹੈ ਕਿ ਕੈਨੇਡਾ ਦੇਸ਼ ਭਾਵੇਂ ਬਹੁਤ ਵਿਸ਼ਾਲ ਹੈ ਪਰ ਓਥੇ ਪੰਜਾਬ ਤੋਂ ਜਾਂਦੇ ਵਿਦਿਆਰਥੀ/ ਵਿਦਿਆਰਥਣਾਂ ਦੇ ਜ਼ਿਆਦਾ ਵੱਡੇ ਕਾਫਲੇ ਪਹਿਲਾਂ ਤੋਂ ਰਹਿ ਰਹੇ ਪੰਜਾਬੀਆਂ ਦੇ ਇਲਾਕਿਆਂ ਵਿਚ ਹੀ ਨਜ਼ਰ ਪੈਂਦੇ ਹਨ, ਜਿਸ ਦਾ ਭਾਵ ਹੈ ਕਿ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਲੋਕਾਂ ਤੋਂ ਸਹਿਯੋਗ ਦੀ ਆਸ ਹੁੰਦੀ ਹੈ, ਤੇ ਸਹਿਯੋਗ ਮਿਲਦਾ ਵੀ ਹੈ। ਪੰਜਾਬੀਆਂ ਦੇ ਚਹੇਤੇ ਸ਼ਹਿਰਾਂ (ਟੋਰਾਂਟੋ, ਵੈਨਕੋਵਰ, ਸਰੀ, ਬਰੈਂਪਟਨ, ਕੈਲਗਰੀ, ਵਿੰਡਸਰ, ਮਾਂਟਰੀਅਲ, ਵਿਨੀਪੈਗ, ਕਿਚਨਰ, ਨਿਆਗਰਾ, ਵਾਟਰਲੂ ਆਦਿ) ਤੇ ਉਨ੍ਹਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਪੁਰਾਣੇ ਆਏ ਤੇ ਸਥਾਪਿਤ ਹੋ ਚੁੱਕੇ ਕੈਨੇਡੀਅਨ ਪੰਜਾਬੀਆਂ ਨਾਲ ਗੱਲਬਾਤ ਕਰਨ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਪੰਜਾਬੀ ਵਿਦਿਆਰਥੀਆਂ ਪ੍ਰਤੀ ਆਦਰ ਤੇ ਮਦਦ ਕਰਨ ਦੀ ਭਾਵਨਾ ਹੁੰਦੀ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੀਆਂ ਕਈ ਸ਼ਿਕਾਇਤਾਂ ਰਹਿੰਦੀਆਂ ਹਨ। ਵੱਡੀ ਸ਼ਿਕਾਇਤ ਕਿਰਾਏ ‘ਤੇ ਲਏ ਕਮਰਿਆਂ/ਘਰਾਂ ਵਿਚ ਸਫਾਈ ਨਾ ਕਰਨਾ, ਭੰਨਤੋੜ ਕਰਨਾ, ਖੌਰੂ ਪਾਉਣਾ, ਮਹਿਫਲਾਂ ਲਗਾਈ ਰੱਖਣਾ, ਮਕਾਨ ਮਾਲਕ ਨਾਲ ਸਤਿਕਾਰ ਨਾਲ ਪੇਸ਼ ਨਾ ਆਉਣਾ, ਕੋਈ ਮਤਲਬ ਨਾ ਹੋਵੇ ਤਾਂ ਆਕੜਨਾ, ਅਕ੍ਰਿਤਘਣ ਹੋਣਾ, ਬਿਜ਼ਨਸ ਵਾਲੀ ਜਗ੍ਹਾ ਹੇਰਾਫੇਰੀਆਂ ਕਰਨਾ ਵਗੈਰਾ ਰਹਿੰਦੀਆਂ
ਹਨ।
ਇਸੇ ਤਰ੍ਹਾਂ ਵਿਦਿਆਰਥੀਆਂ ਨਾਲ ਗੱਲ ਕਰੀਏ ਤਾਂ ਉਨ੍ਹਾਂ ਵਿਚੋਂ ਵੀ ਬਹੁਤ ਸਾਰੇ ਇਕਦਮ ਫਿਸ ਪੈਂਦੇ ਹਨ। ਵੱਡੀਆਂ ਸ਼ਿਕਾਇਤਾਂ ਵਿਚ ਕੁਝ ਲਾਲਚੀ ਮਕਾਨ ਮਾਲਕਾਂ ਵਲੋਂ ਵਿਦਿਆਰਥੀਆਂ ਤੋਂ ਬੇ-ਹਿਸਾਬੇ ਕਿਰਾਏ ਵਸੂਲੇ ਜਾਂਦੇ ਹਨ, ਜੇਕਰ ਕੁਝ ਨੌਜਵਾਨ ਇਕੱਠੇ ਰਹਿ ਕੇ ਮਕਾਨ ਦਾ ਕਿਰਾਇਆ ਕਿਫਾਇਤੀ ਕਰਨ ਦੀ ਕੋਸ਼ਿਸ਼ ਕਰਨ ਤਾਂ ਮਕਾਨ ਮਾਲਕ ਨਰਾਜ਼ ਹੁੰਦੇ ਹਨ। ਪੁਰਾਣੇ ਪੰਜਾਬੀ ਕਾਰੋਬਾਰੀਆਂ ਵਲੋਂ ਵਿਦਿਆਰਥੀਆਂ ਨੂੰ ਨੌਕਰੀਆਂ ‘ਤੇ ਰੱਖ ਕੇ ਉਨ੍ਹਾਂ ਤੋਂ ਮਨਰਮਰਜ਼ੀ ਨਾਲ ਡਿਊਟੀਆਂ ਕਰਵਾਉਣਾ ਪਰ ਤਨਖਾਹ ਹੱਥ ਘੁੱਟ ਕੇ ਦੇਣ ਜਾਂ ਪੈਸੇ ਮਾਰ ਲੈਣ ਦੀਆਂ ਸ਼ਿਕਾਇਤਾਂ ਆਮ ਸੁਣਨ ਨੂੰ ਮਿਲਦੀਆਂ ਹਨ। ਤਦ ਕਰਕੇ ਪੰਜਾਬੀ ਨੌਜਵਾਨ ਲੜਕੇ-ਲੜਕੀਆਂ ਗੋਰੇ ਮਾਲਕਾਂ ਕੋਲ ਨੌਕਰੀ ਕਰਨ ਨੂੰ ਪਹਿਲ ਦਿੰਦੇ/ ਦਿੰਦੀਆਂ ਹਨ, ਜਿਥੇ ਉਨ੍ਹਾਂ ਨੂੰ ਚੰਗੇ ਵਿਹਾਰ ਤੇ ਮਿਹਨਤ ਦੇ ਪੈਸੇ ਮਿਲ ਜਾਣ ਦਾ ਯਕੀਨ ਹੁੰਦਾ ਹੈ। ਇਕ ਸੱਚਾਈ ਇਹ ਵੀ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਫੀਸਾਂ ਤੇ ਹੋਰ ਖਰਚੇ ਪੂਰੀਆਂ ਕਰਨ ਲਈ ਅਕਸਰ ਹਫ਼ਤੇ ‘ਚ ੨੦ ਘੰਟਿਆਂ ਤੋਂ ਵੱਧ (ਗੈਰ-ਕਾਨੂੰਨੀ) ਕੰਮ ਕਰਨਾ ਹੋਵੇ, ਤਾਂ ਬਹੁਤ ਸਾਰੇ ਦੇਸੀ ਕਾਰੋਬਾਰੀਆਂ ਵਲੋਂ ਉਨ੍ਹਾਂ ਨੂੰ ਆਮ ਅੱਧ-ਪਚੱਧ ਮਿਹਨਤਾਨਾ ਦੇ ਕੇ ਤੋਰ ਦਿੱਤਾ ਜਾਂਦਾ ਹੈ। ਹਰੇਕ ਵਿਦਿਆਰਥੀ ਨੂੰ ਪੱਕੇ ਹੋਣ ਲਈ ਲੋੜੀਂਦੀ ਨੌਕਰੀ ਵਾਸਤੇ ਕਿਸੇ ਸਥਪਿਤ ਕਾਰੋਬਾਰੀ ਤੋਂ ਐਲ.ਐਮ.ਆਈ.ਏ. ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਦੀ ਇਸ ਲੋੜ ਦਾ ਬਹੁਤ ਵੱਡੇ ਪੱਧਰ ‘ਤੇ ਕੈਨੇਡਾ ਵਿਚ ਸੋਸ਼ਣ ਹੋ ਰਿਹਾ ਹੈ, ਜੋ ਬਹੁਤ ਸਾਰੇ ਕਾਰੋਬਾਰੀ ਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਸਲਾਹ ਦੇਣ ਵਾਲੇ ਮਿਲਜੁਲ ਕੇ ਕਰਦੇ ਹਨ। ਭ੍ਰਿਸ਼ਟ ਕਾਰੋਬਾਰੀਆਂ ਤੇ ਕਾਨੂੰਨੀ ਸਲਾਹਕਾਰ ਏਜੰਟਾਂ ਦੇ ਗਠਜੋੜ ਵਲੋਂ ਇਕ ਐਲ.ਐਮ.ਆਈ.ਏ. ਦੀ ਕੀਮਤ ੧੫੦੦੦ ਤੋਂ ੫੦੦੦੦ ਡਾਲਰ ਤੱਕ ਪਹੁੰਚਾ ਦਿੱਤੀ ਹੋਈ ਦੱਸੀ ਜਾਂਦੀ ਹੈ, ਜੋ ਕਿ ਲੋੜਵੰਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਕਰਜ਼ਾਈ ਮਾਪਿਆਂ ਨਾਲ ਬਹੁਤ ਵੱਡਾ ਧੱਕਾ ਹੈ।