ਕੈਨੇਡਾ ਦੀ ਨਵੀਂ ਸਰਕਾਰ ਦਾ ਗਠਨ

0
1728

ਓਟਾਵਾ: ਕੈਨੇਡਾ ‘ਚ ਬੀਤੀ ੧੧ ਸਤੰਬਰ ਨੂੰ ਬਕਾਇਦਾ ਸ਼ੁਰੂ ਹੋਇਆ ਚੋਣ ਅਮਲ ਬੀਤੇ ਕੱਲ੍ਹ ਉਦੋਂ ਮੁਕੰਮਲ ਹੋਇਆ ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ‘ਚ ਲਿਬਰਲ ਪਾਰਟੀ ਦੀ ਅਗਲੀ ਕੇਂਦਰ ਸਰਕਾਰ ਦੇ ਗਠਨ ਦੀ ਕਾਰਵਾਈ ਮੁਕੰਮਲ ਹੋਈ ਅਤੇ ਨਵੀਂ ਕੈਬਨਿਟ ਦਾ ਸਹੁੰ-ਚੁੱਕ ਸਮਾਗਮ ਰਾਜਧਾਨੀ ਓਟਾਵਾ ਵਿਖੇ ਹੋਇਆ। ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਇਟ ਦੀ ਅਗਵਾਈ ‘ਚ ਰਿਡੋ ਹਾਲ ਅੰਦਰ ਕਰਵਾਏ ਗਏ ਸਾਦਾ ਰਸਮ ਮੌਕੇ ਵਾਰੀ ਅਨੁਸਾਰ ਨਵੇਂ ਮੰਤਰੀਆਂ ਨੇ ਹਲਫ਼ ਲਿਆ ਅਤੇ ਪਹਿਲਾਂ ਤੋਂ ਹੀ ਕੈਬਨਿਟ ਮੰਤਰੀਆਂ ਨੂੰ ਗਵਰਨਰ ਜਨਰਲ ਨਾਲ ਮਿਲਾਇਆ ਗਿਆ। ਸ੍ਰੀ ਟਰੂਡੋ ਵਲੋਂ ਗਠਿਤ ਕੀਤੀ ਗਈ ਨਵੀਂ ਕੈਬਨਿਟ ‘ਚ ੩੫ ਮੰਤਰੀ ਸ਼ਾਮਿਲ ਹਨ।
ਇਹ ਵੀ ਕਿ ਕੈਬਨਿਟ ‘ਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਰੱਖੀ ਗਈ ਹੈ। ਭਾਰਤੀ ਮੂਲ ਦੇ ਮੰਤਰੀਆਂ ਵਜੋਂ ਦੋ ਪੁਰਸ਼ ਅਤੇ ਦੋ ਔਰਤਾਂ ਹਨ, ਜਿਨ੍ਹਾਂ ਦੇ ਨਾਂਅ ਨਵਦੀਪ ਸਿੰਘ ਬੈਂਸ (ਕਾਢ, ਵਿਗਿਆਨ ਅਤੇ ਉਦਯੋਗ ਮੰਤਰੀ), ਹਰਜੀਤ ਸਿੰਘ ਸੱਜਣ (ਰੱਖਿਆ ਮੰਤਰੀ), ਬਰਦੀਸ਼ ਚੱਗਰ (ਵਿਭਿੰਨਤਾ ਅਤੇ ਯੂਥ ਮੰਤਰੀ) ਅਤੇ ਪ੍ਰੋ. ਅਨੀਤਾ ਆਨੰਦ (ਲੋਕ ਸੇਵਾ ਮੰਤਰੀ) ਹਨ। ਸ. ਸੱਜਣ ਅਤੇ ਸ. ਬੈਂਸ ਦੋਵੇਂ ਅੰਮ੍ਰਿਤਧਾਰੀ ਹਨ ਅਤੇ ਉਨ੍ਹਾਂ ਦੇ ਮੰਤਰਾਲੇ ਨਹੀਂ ਬਦਲੇ ਗਏ।
ਕੈਬਨਿਟ ‘ਚ ਨਵੇਂ ਚਿਹਰਿਆਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ। ਸੰਸਦੀ ਚੋਣ ਹਾਰ ਗਏ ੨ ਮੰਤਰੀਆਂ (ਅਮਰਜੀਤ ਸੋਹੀ ਤੇ ਰਾਲਫ ਗੁਡੇਲ) ਅਤੇ ਬਿਮਾਰੀ ਕਾਰਨ ਅਸਮਰੱਥ ਹੋਏ ਮੰਤਰੀ ਜਿਮ ਕਾਰ ਦੀ ਜਗ੍ਹਾ ਨਵੇਂ ਮੰਤਰੀ ਨਿਯੁਕਤ ਕੀਤੇ ਗਏ ਹਨ। ਇਸ ਵਾਰ ਚੁਣੌਤੀਆਂ ਵੱਖਰੀਆਂ ਹੋਣ ਕਾਰਨ ਮੰਤਰੀਆਂ ਦੀ ਯੋਗਤਾ ਅਤੇ ਸਮਰੱਥਾ ਨੂੰ ਵੱਧ ਮਹੱਤਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸੰਸਦ ‘ਚ ਬਲਾਕ ਕਿਊਬਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਉੱਭਰੀ ਹੋਣ ਕਾਰਨ ਉਸ ਪਾਰਟੀ ਦੇ ਆਗੂਆਂ ਨਾਲ ਸਦਭਾਵਨਾ ਵਾਲਾ ਮਾਹੌਲ ਬਣਾ ਕੇ ਰੱਖਣ ਵਾਸਤੇ ਸੱਤਾਧਾਰੀ ਲਿਰਬਲ ਪਾਰਟੀ ਵਲੋਂ ਦੁਭਾਸ਼ੀਏ (ਅੰਗਰੇਜ਼ੀ ਅਤੇ ਫਰੈਂਚ ਬੋਲ ਸਕਣ ਵਾਲੇ) ਸੰਸਦ ਮੈਂਬਰਾਂ ਨੂੰ ਮੰਤਰੀ ਅਤੇ ਹੋਰ ਅਹਿਮ ਅਹੁਦੇ ਦਿੱਤੇ ਜਾ ਰਹੇ ਹਨ। ਅਜਿਹੇ ‘ਚ ਲਿਬਰਲ ਪਾਰਟੀ ਦੇ ਕਿਊਬਕ ਤੋਂ ਸੰਸਦ ਮੈਂਬਰਾਂ ਦੀ ਕੈਬਨਿਟ ‘ਚ ਅਹਿਮੀਅਤ ਨਾਲ ਸ਼ਮੂਲੀਅਤ ਕੀਤੀ ਗਈ ਹੈ। ਇਸੇ ਤਰ੍ਹਾਂ ਪੱਛਮੀ ਕੈਨੇਡਾ, ਖਾਸ ਤੌਰ ‘ਤੇ ਅਲਬਰਟਾ ਅਤੇ ਸਸਕਾਚਵਨ (ਜਿੱਥੇ ਚੋਣਾਂ ‘ਚ ਲਿਬਰਲ ਪਾਰਟੀ ਦਾ ਸਫਾਇਆ ਹੋ ਗਿਆ) ਦੇ ਲੋਕਾਂ ਦੀ ਸੰਤੁਸ਼ਟੀ ਲਈ ਕ੍ਰਿਸਟੀਆ ਫਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਬਣਾ ਕੇ ਸਰਕਾਰ ‘ਚ ਅਹਿਮ ਸਥਾਨ ਦਿੱਤਾ ਗਿਆ ਹੈ। ਫਰੀਲੈਂਡ ਭਾਵੇਂ ਟੋਰਾਂਟੋ ਤੋਂ ਸੰਸਦ ਮੈਂਬਰ ਹਨ ਪਰ ਉਨ੍ਹਾਂ ਦਾ ਜਨਮ ਅਲਬਰਟਾ ਵਿਚ ਹੋਇਆ ਸੀ।
ਫਰੀਲੈਂਡ ਅਤੇ ਮੰਤਰੀ ਕੈਦਰੀਨ ਮਕੈਨਾ ਦੇ ਵਿਭਾਗ ਬਦਲੇ ਗਏ ਹਨ, ਜਿਨ੍ਹਾਂ ਦੀ ਜਗ੍ਹਾ ਫਰਾਂਸੁਆ ਫਿਲਿਪ ਸ਼ੈਂਪੇਨ ਨੂੰ ਵਿਦੇਸ਼ ਮੰਤਰੀ, ਜੋਨਾਥਨ ਵਿਲਕਨਸਨ ਨੂੰ ਵਾਤਾਵਰਨ ਮੰਤਰਾਲਾ ਦਿੱਤਾ ਗਿਆ ਹੈ। ਬਿੱਲ ਮੋਰਨੋ ਵਿੱਤ ਮੰਤਰੀ, ਡੇਵਿਡ ਲਮੇਟੀ ਨਿਆਂ ਮੰਤਰੀ ਅਤੇ ਮਾਰਕ ਗਾਰਨੋ ਆਵਾਜਾਈ ਮੰਤਰੀ ਬਣੇ ਰਹਿਣਗੇ। ਸਟੀਵਨ ਜਿਲਬੋਲਟ ਵਿਰਾਸਤ ਮੰਤਰੀ, ਪੈਰੀਸ਼ੀਆ ਹਾਈਡੂ ਨੂੰ ਸਿਹਤ ਮੰਤਰੀ ਅਤੇ ਸੀਮਸ ਓਰੀਗਨ ਨੂੰ ਕੁਦਰਤੀ ਸਾਧਨ ਮੰਤਰੀ ਬਣਾਇਆ ਗਿਆ ਹੈ। ਕੁਝ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਅਤੇ ਕੁਝ ਨਵੇਂ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਇਆ ਗਿਆ ਹੈ। ਅਹਿਮਦ ਹੁਸੈਨ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਨਹੀਂ ਬਣੇ ਤੇ ਉਨ੍ਹਾਂ ਨੂੰ ਸਮਾਜਿਕ ਵਿਕਾਸ ਮੰਤਰੀ ਬਣਾਇਆ ਗਿਆ ਹੈ। ਨਵਾਂ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਬਣਾਇਆ ਗਿਆ ਹੈ। ਇਸ ਵਾਰ ਸ੍ਰੀ ਟਰੂਡੋ ਨੂੰ ਘੱਟ-ਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ ਜਿਸ ਕਰਕੇ ਕੈਬਨਿਟ ਗਠਿਤ ਕਰਨ ਨੂੰ ਉਨ੍ਹਾਂ ਨੇ ਆਮ ਨਾਲੋਂ ਵੱਧ ਸਮਾਂ ਵੀ ਲਿਆ ਹੈ। ਮੰਤਰੀ ਮੰਡਲ ‘ਚ ੩੫ ਮੰਤਰੀ (੨੦੧੫ ‘ਚ ੩੧) ਸ਼ਾਮਿਲ ਹਨ। ੨੦੧੫ ਦੇ ਮੁਕਾਬਲੇ ਇਸ ਵਾਰੀ ਸ੍ਰੀ ਟਰੂਡੋ ਨੂੰ ਵਧੇਰੇ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰ ਵੀ ਵਿਰੋਧੀਆਂ ਨੂੰ ਸ਼ਾਂਤ ਰੱਖਣ ਪ੍ਰਤੀ ਵੱਧ ਸੁਚੇਤ ਰਹਿਣ ਦੀ ਲੋੜ ਹੋਵੇਗੀ। ਸ੍ਰੀ ਟਰੂਡੋ ਨੂੰ ਹਰੇਕ ਨੂੰ ਖੁਸ਼ ਰੱਖਣ ਲਈ ਪਹਿਲੀ ਵਾਰ ਮਜਬੂਰ ਰਹਿਣਾ ਪੈ ਸਕਦਾ ਹੈ। ਰਾਜਨੀਤਕ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਨ ਮਗਰੋਂ ਸ੍ਰੀ ਟਰੂਡੋ ਨੇ ਸੰਕੇਤ ਦਿੱਤਾ ਸੀ ਕਿ ਉਹ ਹਰੇਕ ਪਾਰਟੀ ਦੇ ਆਗੂ ਦੇ ਸਹਿਯੋਗ ਨਾਲ ਚੱਲਣ ਦੀ ਕੋਸ਼ਿਸ਼ ਕਰਨਗੇ। ਇਹ ਵੀ ਕਿ ਉਹ ਸਿਰਫ਼ ਆਪਣੀ ਲਿਬਰਲ ਪਾਰਟੀ ਦੀ ਸਰਕਾਰ ਹੀ ਬਣਾਉਣਗੇ ਅਤੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾ ਰਿਹਾ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ ਕੁਲ ੩੩੮ ‘ਚੋਂ ਲਿਬਰਲ ਪਾਰਟੀ ਕੋਲ ੧੫੭ ਸੀਟਾਂ ਹਨ, ਜਿਨ੍ਹਾਂ ‘ਚੋਂ ੫੦ ਔਰਤ ਸੰਸਦ ਮੈਂਬਰ
ਹਨ।