ਕੈਨੇਡਾ ਵਿਚ ਵੀ ਪੰਜਾਬੀ ਘਰਾਂ ਅੰਦਰ ਸ਼ਰਾਬ ਕੱਢਣ ਤੋਂ ਬਾਜ ਨਹੀਂ ਆਉਂਦੇ

0
1795

ਟੋਰਾਂਟੋ: ਕੈਨੇਡਾ ‘ਚ ਪੰਜਾਬੀਆਂ ਦੀ ਚਰਚਾ ਇਨੀਂ ਦਿਨੀਂ ਘਰਾਂ ਅੰਦਰ ਨਾਜਾਇਜ਼ ਸ਼ਰਾਬ ਕੱਢਣ ਕਰਕੇ ਹੋ ਰਹੀ ਹੈ। ਬੀਤੇ ਮੰਗਲਵਾਰ ਨੂੰ ਬਰੈਂਪਟਨ ਵਿਖੇ ਇਕ ਘਰ ਅੰਦਰ ਚਲਦੀ ਨਾਜਾਇਜ਼ ‘ਸ਼ਰਾਬ ਦੀ ਭੱਠੀ’ ‘ਚ ਜਬਰਦਸਤ ਧਮਾਕਾ ਹੋਣ ਕਾਰਨ ਪੂਰਾ ਘਰ ਤਬਾਹ ਹੋ ਗਿਆ ਸੀ। ਇਸ ਘਟਨਾ ‘ਚ ਸੇਕ ਅਤੇ ਧੂੰਏ ਨਾਲ ਘਰ ਅੰਦਰ ਮੌਜੂਦ ਪੰਜਾਬੀ ਪਰਿਵਾਰ ਦੀ ੧ ਸਾਲ ਦੀ ਬੱਚੀ ਸਮੇਤ ਚਾਰ ਜੀਅ ਫੱਟੜ ਹੋ ਗਏ ਅਤੇ ਨੇੜਲੇ ਹੋਰ ਘਰਾਂ ਦਾ ਵੀ ਨੁਕਸਾਨ ਹੋਇਆ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਘਰ ਦੇ ਹੇਠਾਂ ਬੇਸਮੈਂਟ ‘ਚ ਦੇਸੀ ਸ਼ਰਾਬ ਕੱਢਣ ਦਾ ਜੁਗਾੜ ਲਗਾਇਆ ਗਿਆ ਸੀ। ਉਪਰੰਤ ਘਰ ਦੇ ਮੁਖੀ ੫੭ ਸਾਲ ਦੇ ਪੰਜਾਬੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਗਜ਼ਨੀ ਅਤੇ ਲਾਪਰਵਾਹੀ ਦਾ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਘਰ ‘ਚ ਕਿਰਾਏਦਾਰ ਹੈ। ਕੈਨੇਡਾ ‘ਚ ਦੇਸੀ ਸ਼ਰਾਬ ਕੱਢਣ ਦਾ ਜੁਗਾੜ ਆਮ ਗੱਲ ਹੋ ਚੁੱਕੀ ਹੈ ਪਰ ਪੁਲਿਸ ਅਨੁਸਾਰ ਘਰਾਂ ਅੰਦਰ ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਇਸ ਪ੍ਰਵਿਰਤੀ ਨੂੰ ਰੋਕਣ ਲਈ ਪੁਲਿਸ ਅਧਿਕਾਰੀਆਂ ਦੇ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਅਜਿਹੇ ‘ਚ ਪਤਾ ਲੱਗਾ ਹੈ ਕਿ ਕੁਝ ਚਿੰਤਤ ਪੰਜਾਬੀਆਂ ਨੇ ਆਪਣੇ ਸਕੇ ਸਬੰਧੀਆਂ ਨੂੰ ਬੇਸਮੈਂਟ/ਗਰਾਜ ‘ਚ ਸ਼ਰਾਬ ਕੱਢਣਾ ਬੰਦ ਕਰਨ ਬਾਰੇ ਮਨਾਉਣਾ ਸ਼ੁਰੂ ਕੀਤਾ ਹੈ ਪਰ ਨਾ ਮੰਨਣ ਵਾਲਿਆਂ ਬਾਰੇ ਪੁਲਿਸ ਨੂੰ ਹੁਣ ਜਾਣਕਾਰੀ ਦਿੱਤੀ ਵੀ ਜਾ ਰਹੀ ਹੈ।