ਕੈਨੇਡਾ ‘ਚ ਬਣੀ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ

0
1040

ਟੋਰਾਂਟੋ: ਕੈਨੇਡਾ ਦੀ ੪੩ਵੀਂ ਸੰਸਦ ਦੇ ਗਠਨ ਲਈ ਹੋਈਆਂ ਸੰਘੀ ਚੋਣਾਂ ‘ਚ ਵੋਟਰਾਂ ਨੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਇਸ ਵਾਰ ਘੱਟ-ਗਿਣਤੀ ਸਰਕਾਰ ਦੇ ਗਠਨ ਦਾ ਫ਼ਤਵਾ ਦਿੱਤਾ ਹੈ। ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਹੁਣ ਉਨ੍ਹਾਂ ਨੂੰ ਬਹੁਤ ਸੰਭਲ ਕੇ ਚੱਲਣਾ ਪਵੇਗਾ ਅਤੇ ‘ਕਿੰਗ ਮੇਕਰ’ ਵਜੋਂ ਉਭਰੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨਾਲ ਮਿਲ ਕੰਮ ਕਰਨ ਲਈ ਮਜਬੂਰ ਹੋ ਕੇ ਚੱਲਣਾ ਪਵੇਗਾ। ਕੁੱਲ ੩੩੮ ਸੀਟਾਂ ‘ਚੋਂ ਲਿਬਰਲ ਪਾਰਟੀ ਨੂੰ ੧੫੭ ਸੀਟਾਂ ਅਤੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ ੧੨੧ ਸੀਟਾਂ ਮਿਲੀਆਂ ਹਨ। ਨਿਊ ਡੈਮੋਕਰੇਟਿਕ ਪਾਰਟੀ ਨੂੰ ੨੪ ਸੀਟਾਂ ਅਤੇ ਗਰੀਨ ਪਾਰਟੀ ਨੂੰ ਦੇਸ਼ ‘ਚ ਪੂਰਬ ਤੋਂ ਪੱਛਮ ਤੱਕ ਤਿੰਨ ਸੀਟਾਂ ਮਿਲੀਆਂ ਹਨ। ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਅਤੇ ਚੋਣ ਪ੍ਰਚਾਰ ਦੌਰਾਨ ਲਗਾਈਆਂ ਕਿਆਸ ਅਰਾਈਆਂ ਮੁਤਾਬਿਕ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਟਰੂਡੋ ਅਗਲੀ ਸਰਕਾਰ ਦਾ ਗਠਨ ਕਰਨਗੇ, ਜਿਸ ‘ਚ ਐਨ.ਡੀ.ਪੀ. ਦਾ ਵੱਡਾ ਸਹਿਯੋਗ ਹੋ ਸਕਦਾ ਹੈ ਪਰ ਸੱਤਾ ਦਾ ਤਵਾਜ਼ਨ ਬਣਾਉਣ ‘ਚ ੩੨ ਸੀਟਾਂ ਜਿੱਤੀ ਬਲਾਕ ਕਿਊਬਿਕ ਪਾਰਟੀ ਵੀ ਅਹਿਮ ਭੂਮਿਕਾ ਅਦਾ ਕਰਨ ਦੇ ਯੋਗ ਹੈ। ਇਵੇਸ ਫਰਾਂਸੁਅ ਬਲਾਂਚੇ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਚੱਲਣ ਦਿਆਂਗੇ ਕਿਉਂਕਿ ਲੋਕਾਂ ਨੇ ਸਾਨੂੰ ਜਲਦੀ ਦੁਬਾਰਾ ਚੋਣਾਂ ਕਰਵਾਉਣ ਲਈ ਨਹੀਂ
ਚੁਣਿਆ।
ਨਵੀਂ ਸਰਕਾਰ ਨੂੰ ਕਿਊਬਿਕ ਦੇ ਹਿੱਤਾਂ ਅਤੇ ਸਾਡੀ ਵਾਤਾਵਰਨ ਪ੍ਰਤੀ ਫਿਕਰਮੰਦੀ ਦਾ ਸਤਿਕਾਰ ਕਰਨਾ ਪਵੇਗਾ। ਇਸ ਤਰ੍ਹਾਂ ਟਰੂਡੋ ਕੋਲ ਐਨ.ਡੀ.ਪੀ. ਅਤੇ ਬਲਾਕ ਕਿਊਬਿਕ ‘ਚੋਂ ਕਿਸੇ ਇਕ ਨਾਲ ਜਾਂ ਦੋਵਾਂ ਦੇ ਸਹਿਯੋਗ ਨਾਲ ਸਰਕਾਰ ਚਲਾਉਣ ਦੀ ਸੰਭਾਵਨਾ ਹੈ। ਗਰੀਨ ਪਾਰਟੀ ਦਾ ਸਹਿਯੋਗ ਵੀ ਲਿਬਰਲ ਪਾਰਟੀ ਨੂੰ ਮਿਲ ਸਕੇਗਾ।
ਟਰੂਡੋ ਦੀ ਸਰਕਾਰ ਸਮੇਂ ਪਾਰਟੀ ‘ਚੋਂ ਕੱਢੀ ਗਈ ਜੂਡੀ ਵਿਲਸਨ ਰੇਬੋਲਡ ਨੇ ਵੈਨਕੂਵਰ-ਗਰੈਨਵਿੱਲ ਸੀਟ ਆਜ਼ਾਦ ਉਮਦਵਾਰ ਵਜੋਂ ਜਿੱਤੀ ਹੈ ਜਦ ਕਿ ਉਨ੍ਹਾਂ ਨਾਲ ਹੀ ਕੈਬਨਿਟ ‘ਚੋਂ ਕੱਢੀ ਕੈਬਨਿਟ ਮੰਤਰੀ ਜੇਨ ਫਿਲਪੋਟ ਦੀ ਆਜ਼ਾਦ ਉਮੀਦਵਾਰ ਵਜੋਂ ਮਾਰਖਮ-ਸਟੋਵਿੱਲ ਹਲਕੇ ਤੋਂ ਹਾਰ ਹੋਈ ਹੈ।
ਟਰੂਡੋ ਦੀ ਕੈਬਨਿਟ ‘ਚ ਚਾਰ ਪੰਜਾਬੀ ਮੂਲ ਦੇ ਮੰਤਰੀਆਂ ‘ਚੋਂ ਤਿੰਨ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ ਅਤੇ ਬਰਦੀਸ਼ ਚੱਗਰ ਦੁਬਾਰਾ ਜਿੱਤੇ ਹਨ ਜਦ ਕਿ ਅਮਰਜੀਤ ਸੋਹੀ ਹਾਰ ਗਏ। ਜਿੱਤ ਦੀ ਖੁਸ਼ੀ ‘ਚ ਟਰੂਡੋ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਾਤਾਵਰਨ ਦੇ ਆਪਣੇ ਏਜੰਡੇ ਉੱਪਰ ਸਿਰੜ ਨਾਲ ਕੰਮ ਕਰਨਗੇ ਅਤੇ ਕੈਨੇਡਾ ਦੇ ਲੋਕਾਂ ਦੀ ਜ਼ਿੰਦਗੀ ਸੌਖੀ ਕਰਨ ਲਈ ਨਿਵੇਸ਼ ਕੀਤਾ ਜਾਵੇਗਾ। ਬਰਨਬੀ-ਸਾਊਥ ਤੋਂ ਦੁਬਾਰਾ ਜਿੱਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਸੰਸਦ ਵਿਚ ਹਰੇਕ ਦਿਨ ਲੋਕਾਂ ਦੇ ਭਲੇ ਲਈ ਕੰਮ ਕਰਨਗੇ। ਕੰਜ਼ਰਵੇਟਿਵ ਪਾਰਟੀ ਦੇ ਆਗੂ ਐਾਡਰੀਊ ਸ਼ੀਅਰ ਨੇ ਆਖਿਆ ਕਿ ਜਸਟਿਨ ਟਰੂਡੋ ਦੀ ਸਰਕਾਰ ਜਿਸ ਦਿਨ ਟੁੱਟ ਜਾਵੇਗੀ ਤਾਂ ਅਸੀਂ ਸ਼ਾਨ ਨਾਲ ਜਿੱਤਾਂਗੇ।
ਪੰਜਾਬੀ ਮੂਲ ਦੇ ੧੮ ਮੈਂਬਰ
ਕੈਨੇਡਾ ਦੀ ਸੰਸਦ ‘ਚ ਡੇਢ ਦਰਜਨ ਪੰਜਾਬੀ ਮੂਲ ਦੇ ਮੈਂਬਰਾਂ ਦੀ ਹਾਜ਼ਰੀ ਬਣੀ ਰਹੇਗੀ ਜਿਨ੍ਹਾਂ ‘ਚ (ਸਭ ਤੋਂ ਵੱਧ) ਲਿਬਰਲ ਪਾਰਟੀ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਢਿੱਲੋਂ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਿਕੰਦ, ਰਾਜ ਸੈਣੀ, ਮਨਿੰਦਰ ਸਿੱਧੂ ਤੇ ਅਨੀਤਾ ਆਨੰਦ ਸ਼ਾਮਿਲ ਹਨ। ਕੰਜ਼ਰਵੇਟਿਵ ਪਾਰਟੀ ਤੋਂ ਟਿਮ ਉਪਲ, ਜਸਰਾਜ ਹੱਲਣ, ਜੈਗ ਸਹੋਤਾ ਅਤੇ ਬੌਬ ਸਰੋਆ ਕਾਮਯਾਬ ਰਹੇ ਹਨ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਜਿੱਤੇ ਹਨ। ਟਰੂਡੋ ਦੀ ਲਿਬਰਲ ਪਾਰਟੀ ਨੂੰ ਦੇਸ਼ ਦੇ ਪੂਰਬ ‘ਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਉੱਥੋਂ ੨੦੧੫ ਦੇ ਮੁਕਾਬਲੇ ੩ ਸੀਟਾਂ ਘੱਟ ਮਿਲੀਆਂ ਹਨ। ਇਸ ਦੇ ਮੁਕਾਬਲੇ ਪੱਛਮ ‘ਚ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਾ ਹੱਥ ਉੱਤੇ ਰਿਹਾ। ਬ੍ਰਿਟਿਸ਼ ਕੋਲੰਬੀਆ ‘ਚ ਤਾਂ ਲਿਬਰਲ ਪਾਰਟੀ ਨੂੰ (੧੧ ਸੀਟਾਂ) ਐਨ.ਡੀ.ਪੀ. (੧੨ ਸੀਟਾਂ) ਨੇ ਪਛਾੜ ਦਿੱਤਾ। ਅਲਬਰਟਾ, ਸਸਕਾਚਵਾਨ, ਮੈਨੀਟੋਬਾ ‘ਚ ਕੰਜ਼ਰਵੇਟਿਵ ਪਾਰਟੀ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ। ਮੈਨੀਟੋਬਾ ‘ਚ ਵਿਨੀਪੈਗ ਇਲਾਕੇ ‘ਚ ਅਤੇ ਨੇੜਲੇ ਹਲਕਿਆਂ ਤੋਂ ਚਾਰ ਸੀਟਾਂ ਲਿਬਰਲ ਅਤੇ ਤਿੰਨ ਐਨ.ਡੀ.ਪੀ. ਨੂੰ ਮਿਲੀਆਂ ਹਨ। ਇਸ ਤੋਂ ਇਲਾਵਾ ਮੈਨੀਟੋਬਾ ਦੀਆਂ ੧੪ ਵਿਚੋਂ ੭ ਸੀਟਾਂ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਪਈਆਂ। ਅਲਬਰਟਾ ਤਾਂ ਕੰਜ਼ਰਵੇਟਿਵ ਪਾਰਟੀ ਦੇ ਨੀਲੇ ਰੰਗ ‘ਚ ਰੰਗਿਆ ਗਿਆ ਹੈ। ਉੱਥੇ ਕੁੱਲ ੩੪ ‘ਚੋਂ ਐਨ.ਡੀ.ਪੀ. ਨੂੰ ਇਕ ਸੀਟ ਮਿਲੀ ਹੈ ਅਤੇ ੩੩ ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ। ਐਡਮਿੰਟਨ-ਮਿਲਵੁੱਡਜ਼ ਹਲਕੇ ਤੋਂ ਮੌਜੂਦਾ ਮੰਤਰੀ ਅਮਰਜੀਤ ਸੋਹੀ ਦੀ ਹਾਰ ਅਤੇ ਕੰਜ਼ਰਵੇਟਿਵ ਹਾਰਪਰ ਸਰਕਾਰ ‘ਚ ਮੰਤਰੀ ਰਹੇ ਟਿਮ ਉੱਪਲ ਦੀ ਵੱਡੇ ਫਰਕ (੮੮੦੦ ਤੋਂ ਵੱਧ ਵੋਟਾਂ ਦੇ ਫਰਕ) ਨਾਲ ਜਿੱਤ ਹੋਈ ਹੈ। ਸ੍ਰੀ ਸੋਹੀ ੨੦੧੫ ‘ਚ ਟਿਮ ਉਪਲ ਤੋਂ ੯੨ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਸਸਕਾਚਵਾਨ ‘ਚ ਸਾਰੀਆਂ ੧੪ ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਅਤੇ ਰਿਜਾਈਨਾ-ਵਸਕਾਨਾ ਹਲਕੇ ਤੋਂ ੧੯੯੩ ਤੋਂ ਲਗਾਤਾਰ ਜਿੱਤਦੇ ਆ ਰਹੇ ਲਿਬਰਲ ਕੈਬਨਿਟ ਮੰਤਰੀ ਰਾਲਫ ਗੁਡੇਲ ਆਪਣੀ ਸੀਟ ਹਾਰ ਗਏ ਹਨ। ਐਨ.ਡੀ.ਪੀ. ਦਾ ਕਿਊਬਕ ‘ਚੋਂ ਲਗਪਗ ਸਫਾਇਆ ਹੋ ਗਿਆ ਅਤੇ ੭੮ ‘ਚੋਂ ਇਕ ਸੀਟ ਜਿੱਤੀ ਜਾ ਸਕੀ। ਟੋਰਾਂਟੋ ਇਲਾਕੇ ‘ਚ ਲਿਬਰਲ ਦੀ ਸਥਿਤੀ ਮਜ਼ਬੂਤ ਰਹੀ ਅਤੇ ਸਾਰੀਆਂ ੨੫ ਸੀਟਾਂ ਉਪਰ ਜਿੱਤ ਹਾਸਲ ਕੀਤੀ। ਓਟਾਵਾ ਅਤੇ ਮਾਂਟਰੀਅਲ ਇਲਾਕੇ ‘ਚ ਲਿਬਰਲ ਦਾ ਆਧਾਰ ਮਜ਼ਬੂਤ ਰਿਹਾ। ਉਂਟਾਰੀਓ ‘ਚ ੧੨੧ ਸੀਟਾਂ ‘ਚੋਂ ਲਿਬਰਲ ਨੂੰ ੭੮, ਕੰਜ਼ਰਵੇਟਿਵ ਨੂੰ ੩੭ ਅਤੇ ਐਨ.ਡੀ.ਪੀ. ਨੂੰ ਛੇ ਸੀਟਾਂ ਮਿਲੀਆਂ ਹਨ। ਕਿਊਬਿਕ ‘ਚ ੭੮ ਸੀਟਾਂ ਵਿਚੋਂ ਲਿਬਰਲ ਨੂੰ ੩੫, ਬਲਾਕ ਕਿਊਬਿਕ ਨੂੰ ੩੨ ਸੀਟਾਂ ਮਿਲੀਆਂ ਜਦ ਕਿ ਉੱਥੇ ਐਨ.ਡੀ.ਪੀ. ਨੂੰ ੧ ਸੀਟ ਮਿਲੀ ਅਤੇ ਕੰਜ਼ਰਵੇਟਿਵ ਪਾਰਟੀ ਦਾ ਕਿਊਬਿਕ ‘ਚ ਸਫਾਇਆ (੦ ਸੀਟ) ਹੋ ਗਿਆ। ਬਰੈਂਪਟਨ ਦੀਆਂ ਸਾਰੀਆਂ ਪੰਜ ਸੀਟਾਂ ਵੀ ਲਿਬਰਲ ਪਾਰਟੀ ਨੂੰ ਦੁਬਾਰਾ ਮਿਲ ਗਈਆਂ, ਜਿੱਥੋਂ ਕਮਲ ਖਹਿਰਾ, ਸੋਨੀਆ ਸਿੱਧੂ, ਰਮੇਸ਼ਵਰ ਸੰਘਾ, ਮਨਿੰਦਰ ਸਿੱਧੂ ਅਤੇ ਰੂਬੀ ਸਹੋਤਾ ਜੇਤੂ ਰਹੇ ਹਨ। ਮਿਸੀਸਾਗਾ-ਮਾਲਟਨ ਤੋਂ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਸ਼ਾਨ ਨਾਲ ਜਿੱਤ ਗਏ ਹਨ ਅਤੇ ਗਗਨ ਸਿਕੰਦ ਨੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਦੁਬਾਰਾ ਵੱਡੀ ਜਿੱਤ ਪ੍ਰਾਪਤ ਕੀਤੀ। ਬਰੈਂਪਟਨ-ਉੱਤਰੀ ਹਲਕੇ ਤੋਂ ਲਿਬਰਲ ਰੂਬੀ ਸਹੋਤਾ ਨੇ ਆਪਣੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਅਰਪਨ ਖੰਨਾ ਨੂੰ ੧੧੮੦੦ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ।
ਐਨ.ਡੀ.ਪੀ. ਲਈ ੨੦੧੫ ਦੇ ਮੁਕਾਬਲੇ (੪੪) ਸੀਟਾਂ ਦੀ ਗਿਣਤੀ ਭਾਵੇਂ ਘਟ ਕੇ ੨੪ ਰਹਿ ਗਈ ਹੈ ਪਰ ੨੦੧੯ ਦੀ ਚੋਣ ‘ਚ ਪਾਰਟੀ ਦੀ ਵੱਡੀ ਜਿੱਤ ਸਮਝੀ ਜਾ ਰਹੀ ਹੈ ਕਿਉਂਕਿ ਉਹ ੨੪ ਸੀਟਾਂ ਨਾਲ ਵੀ ਸਰਕਾਰ ਦੇ ਗਠਨ ‘ਚ ਸ਼ਾਮਿਲ ਹੋ ਸਕਣਗੇ ਅਤੇ ਰਾਸ਼ਟਰੀ ਪੱਧਰ ‘ਤੇ ਪਾਰਟੀ ਦਾ ਮਹੱਤਵ ਵਧੇਗਾ। ਸਮੁੱਚੇ ਕੈਨੇਡਾ ‘ਚ ਪੂਰਬ ‘ਚ ਨਿਊ ਫਾਊਂਡਲੈਂਡ ਤੋਂ ਓਂਟਾਰੀਓ ਤੱਕ ਲਿਬਰਲ ਪਾਰਟੀ ਦਾ ਠੋਸ ਆਧਾਰ ਸਾਬਿਤ ਹੋਇਆ ਹੈ ਜਦ ਕਿ ਮੈਨੀਟੋਬਾ, ਸਸਕਾਚਵਾਨ, ਅਲਬਰਟਾ ‘ਚ ਕੰਜ਼ਰਵੇਟਿਵ ਪਾਰਟੀ ਦਾ ਜਾਦੂ ਚੱਲਿਆ ਹੈ। ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਆਗੂ ਮੈਕਸੀਮ ਬਰਨੀਏ ਆਪਣੀ ਸੀਟ ਵੀ ਹਾਰ ਗਏ ਅਤੇ ਉਨ੍ਹਾਂ ਦੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤ ਸਕਿਆ। ੪੦ ਦਿਨਾਂ ਦੇ ਚੋਣ ਪ੍ਰਚਾਰ ਦੌਰਾਨ ਪਤਾ ਲੱਗਦਾ ਰਿਹਾ ਸੀ ਕਿ ਪੰਜਾਬ ਤੋਂ ਲੋਕਾਂ ਵਲੋਂ ਕੈਨੇਡਾ ‘ਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਫ਼ੋਨ ਕਰਕੇ ਜਸਟਿਨ ਟਰੂਡੋ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ ਅਤੇ ਨਤੀਜਾ ਆਉਣ ਤੋਂ ਬਾਅਦ ਪੰਜਾਬ ਤੋਂ ਕੈਨੇਡੀਅਨ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਕੈਨੇਡਾ ਵੱਲ ਟੈਲੀਫ਼ੋਨਾਂ ਦੀ ਝੜੀ ਲੱਗੀ ਰਹੀ।