ਕੈਨੇਡਾ ‘ਚ ਟਰੱਕ ਚਲਾਉਣ ਵਾਲੀ ਜਸਸਿਮਰਨ ਹੁਣ ਜਹਾਜ਼ ਉਡਾਏਗੀ

0
1023

ਟੋਰਾਂਟੋ: ਕੁੜੀਆਂ ਕਿਸੇ ਗੱਲ ਤੋਂ ਵੀ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ, ਬੱਸ ਜ਼ਰੂਰਤ ਹੈ ਸਾਡੇ ਸਮਾਜ ਦੀ ਪਿਛਾਂਹ ਖਿੱਚੂ ਸੋਚ ਨੂੰ ਬਦਲਣ ਦੀ। ਇਹ ਕਹਿਣਾ ਹੈ ਜਸਸਿਮਰਨ ਕੌਰ ਦਾ, ਜਿਹੜੀ ਕਿ ੨੦੧੫ ਵਿਚ ਭਾਰਤ ਤੋਂ ਵਿਦਿਆਰਥੀ ਵੀਜ਼ਾ ‘ਤੇ ਕੈਨੇਡਾ ਪੜ੍ਹਨ ਆਈ ਸੀ, ਤੇ ਹੁਣ ਉਹ ਟਰੱਕ ਚਲਾਉਂਦੀ
ਹੈ।
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਜੰਮਪਲ ਜਸਸਿਮਰਨ ਕੌਰ ਦਾ ਕਹਿਣਾ ਹੈ ਕਿ ਸਮਾਜ ਵਿਚ ਕੁੜੀਆਂ ਤੇ ਔਰਤਾਂ ਨੂੰ ਕਾਫੀ ਪਾਬੰਦੀਆਂ ਵਿਚ ਰੱਖਿਆ ਜਾਂਦਾ ਹੈ, ਜਿਸ ਨਾਲ ਵਧੇਰੇ ਕੁੜੀਆਂ ਆਪਣੇ ਮਨ ਦੀਆਂ ਖਾਹਿਸ਼ਾਂ ਨੂੰ ਦਬਾ ਕੇ ਹੀ ਸਾਰੀ ਜ਼ਿੰਦਗੀ ਬਸਰ ਕਰਦੀਆਂ ਹਨ ਪਰ ਜਿਹੜੀਆਂ ਲੜਕੀਆਂ ਹਿੰਮਤ ਕਰ ਕੇ ਕਿਸੇ ਮੁਕਾਮ ‘ਤੇ ਪਹੁੰਚ ਜਾਂਦੀਆਂ ਹਨ ਫਿਰ ਲੋਕ ਉਨ੍ਹਾਂ ਦੀਆਂ ਉਦਾਹਰਨਾਂ ਦੇ ਕੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਨ।
ਉਸ ਨੇ ਕੈਨੇਡਾ ਵਿਚ ਕੰਮ ਲੱਭਣ ਲਈ ਕਾਫੀ ਧੱਕੇ ਖਾਧੇ, ਫੈਕਟਰੀ ਤੇ ਸਬ-ਵੇਅ ਸਮੇਤ ਕਈ ਹੋਰ ਥਾਵਾਂ ‘ਤੇ ਕੰਮ ਕੀਤਾ ਪਰ ਬਹੁਤਿਆਂ ਨੇ ਉਸ ਦੇ ਕੀਤੇ ਕੰਮ ਦੇ ਪੈਸੇ ਮਾਰ ਲਏ ਫਿਰ ਉਸ ਨੇ ਤਹੱਈਆ ਕੀਤਾ ਕਿ ਉਹ ਟਰੱਕ ਚਲਾਏਗੀ। ਉਸ ਨੇ ਆਪਣੇ ਪਿਤਾ ਦਲਜੀਤ ਸਿੰਘ ਜੋ ਖੁਦ ਵੀ ਇਥੇ ਟਰੱਕ ਚਲਾਉਂਦੇ ਹਨ, ਦੀ ਆਗਿਆ ਲੈ ਕੇ ਕਈ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਟਰੱਕ ਦਾ ਲਾਇਸੰਸ
ਲਿਆ।
ਉਸ ਨੇ ਸਮਾਜਿਕ ਤੌਰ ‘ਤੇ ਆਪਣੇ ਚੰਗੇ-ਮਾੜੇ ਤਜ਼ਰਬੇ ਵੀ ਸਾਂਝੇ ਕੀਤੇ, ਤੇ ਕਿਹਾ ਕਿ ਹੁਣ ਉਹ ਟੋਰਾਂਟੋ ਤੇ ਆਸ-ਪਾਸ ਦੇ ਖੇਤਰਾਂ ਵਿਚ ਜਦੋਂ ਟਰੱਕ ਲੈ ਕੇ ਲੰਘਦੀ ਹੈ, ਤਾਂ ਆਪਣੇ ਆਪ ਵਿਚ ਉਸ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ।
ਹੁਣ ਉਸ ਦਾ ਇਰਾਦਾ ਜਹਾਜ਼ ਚਲਾਉਣ ਦਾ ਲਾਇਸੰਸ ਲੈ ਕੇ ਪਾਇਲਟ ਬਣਨ ਦਾ ਹੈ।