ਕੈਨੇਡਾ ਵਿਚ ਭਾਰਤੀਆਂ ਦੀ 3 ਸਾਲਾਂ ਦੌਰਾਨ ਗਿਣਤੀ ਦੁੱਗਣੀ ਹੋਈ

0
1813

ਵੈਨਕੂਵਰ: ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿਚ ਕੈਨੇਡਾ ਜਾਣ ਦਾ ਮੋਹ ਵਧਦਾ ਹੀ ਜਾ ਰਿਹਾ ਹੈ। ਇਕ ਅਮਰੀਕੀ ਥਿੰਕ ਟੈਂਕ ਮੁਤਾਬਕ ਬੀਤੇ ਤਿੰਨ ਸਾਲਾਂ ਵਿਚ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮੈਰੀਕਨ ਪਾਲਿਸੀ (ਐਨ.ਐਫ.ਏ.ਪੀ.) ਨੇ ਕਿਹਾ ਕਿ ਇਹ ਤਬਦੀਲੀ ਅਮਰੀਕਾ ਵਲੋਂ ਇਮੀਗ੍ਰੇਸ਼ਨ ‘ਤੇ ਵਧੀਆਂ ਪਾਬੰਦੀਆਂ ਦੇ ਕਾਰਨ ਜਾਰੀ ਹੈ।
ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਉਪਰ ਐਨ.ਐਫ.ਏ.ਪੀ. ਦੇ ਵਿਸ਼ਲੇਸ਼ਣ ਮੁਤਾਬਕ ਨਵੰਬਰ ੨੦੧੯ ਤੱਕ ੮੦,੬੮੫ ਭਾਰਤੀਆਂ ਨੇ ਕੈਨੇਡਾ ਵਿਚ ਸਥਾਈ ਨਿਵਾਸ ਦੀ ਚੋਣ ਕੀਤੀ, ਜੋ ਕਿ ਸਾਲ ੨੦੧੬ ਦੇ ੩੯,੭੦੫ ਲੋਕਾਂ ਨਾਲੋਂ ੧੦੫ ਫੀਸਦੀ ਵਧੇਰੇ ਸੀ। ਐਨ.ਐਫ.ਏ.ਪੀ. ਦੇ ਕਾਰਜਕਾਰੀ ਡਾਇਰੈਕਟਰ ਸਟੂਅਰਟ ਐਂਡਰਸਨ ਨੇ ਕਿਹਾ ਕਿ ਇਹ ਇਤਫਾਕ ਨਹੀਂ ਹੈ ਕਿ ਇਕੋ ਸਮੇਂ ਕੈਨੇਡਾ ਵਿਚ ਪੜ੍ਹਨ ਤੇ ਪਰਵਾਸ ਕਰਨ ਦੀ ਚੋਣ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, (ਜਿਵੇਂ ਕਿ) ਭਾਰਤੀਆਂ ਲਈ ਸੰਯੁਕਤ ਰਾਜ ਅਮਰੀਕਾ ਵਿਚ ਕੰਮ ਕਰਨਾ ਤੇ ਪਰਵਾਸ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ।
ਜਿਸ ਤਰ੍ਹਾਂ ਨਾਲ ਅੰਕੜੇ ਵਧੇ ਹਨ, ਇਹ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਕਿ ਕਿੰਨੇ ਭਾਰਤੀ ਸਿੱਧੇ ਭਾਰਤ ਤੋਂ ਆਏ ਹਨ ਤੇ ਕਿੰਨੇ ਅਮਰੀਕਾ ਤੋਂ ਆਏ ਹਨ।
ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਮੀਗ੍ਰੇਸ਼ਨ ਵਿਰੋਧੀ ਬਿਆਨਬਾਜ਼ੀ ਕਾਰਨ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤੇ ਹਨ, ਉਹਨਾਂ ਨੇ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ ਤੇ ਇਮੀਗ੍ਰੇਸ਼ਨ ‘ਤੇ ਵਧੇਰੇ ਪਾਬੰਦੀਆਂ ਲਗਾਈਆਂ
ਹਨ।
ਇਹਨਾਂ ਪਾਬੰਦੀਆਂ ਕਾਰਨ ਬਹੁਤ ਸਾਰੇ ਭਾਰਤੀ ਪ੍ਰਭਾਵਿਤ ਹੋਏ ਹਨ। ਅਮਰੀਕਾ ਦੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸਰਵਿਸ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ ੨੦੧੯ ਦੀ ਪਹਿਲੀ ਤਿਮਾਹੀ ਵਿਚ ਐਚ-੧ ਬੀ ਵੀਜ਼ਾ ਲਈ ਛੋਟੀ ਮਿਆਦ ਦੇ ਵਰਕ ਪਰਮਿਟ ਰੱਦ ਹੋਣ ਦੀ ਦਰ ੨੪ ਫੀਸਦੀ ‘ਤੇ ਪਹੁੰਚ ਗਈ ਜੋ ਕਿ ਵਿੱਤੀ ਸਾਲ ੨੦੧੫ ਵਿਚ ੬ ਫੀਸਦੀ ‘ਤੇ ਸੀ।