ਕੈਨੇਡਾ ਸਰਕਾਰ ਨੇ ਭਾਰਤੀ ਠੱਗ ਏਜੰਟਾਂ ਉਪਰ ਸ਼ਿਕੰਜਾ ਕੱਸਣ ਦੀ ਮੁਹਿੰਮ ਚਲਾਈ

0
1566

ਓਟਾਵਾ: ਆਏ ਦਿਨ ਭਾਰਤ ਤੋਂ ਕੋਈ ਨਾ ਕੋਈ ਨੌਜਵਾਨ ਕਿਸੇ ਠੱਗ ਏਜੰਟ ਦਾ ਸ਼ਿਕਾਰ ਬਣਦਾ ਹੈ।
ਅਜਿਹੇ ਠੱਗ ਏਜੰਟਾਂ ਖਿਲਾਫ ਭਾਰਤ ਸਰਕਾਰ ਵਲੋਂ ਕੀਤੀ ਜਾਂਦੀ ਕਾਰਵਾਈ ਨੂੰ ਵੀ ਉਹ ਟਿੱਚ ਜਾਣਦੇ ਹਨ ਅਤੇ ਧੜੱਲੇ ਨਾਲ ਮੁੜ ਆਪਣੀ ਠੱਗੀ ਦਾ ਕਾਰੋਬਾਰ ਸ਼ੁਰੂ ਕਰ ਲੈਂਦੇ ਹਨ। ਅਜਿਹੇ ਠੱਗਾਂ ਕਾਰਨ ਵਿਦੇਸ਼ਾਂ ਦੇ ਸੁਪਨੇ ਲੈਣ ਵਾਲੇ ਨੌਜਵਾਨ ਤਾਂ ਖੱਜਲ ਹੁੰਦੇ ਹੀ ਹਨ, ਸਗੋਂ ਬਾਹਰਲੀਆਂ ਸਰਕਾਰਾਂ ਨੂੰ ਵੀ ਵਾਧੂ ਦੀ ਟੈਨਸ਼ਨ ਝੱਲਣੀ ਪੈਂਦੀ ਹੈ, ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਵਲੋਂ ਇਕ ਨਵੀਂ ਪਹਿਲ ਕੀਤੀ ਗਈ ਹੈ। ਭਾਰਤ ਵਿਚ ਵੱਧ ਰਹੇ ਜਾਅਲੀ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਸਲਟੈਂਟਾਂ ਨੂੰ ਵੇਖਦੇ ਹੋਏ ਓਟਾਵਾ ਨੇ ਵਿਆਪਕ ਪੱਧਰ ‘ਤੇ ਇਕ ਜਾਣਕਾਰੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਨਵੀ ਮੁਹਿੰਮ ਇੰਮੀਗ੍ਰੇਸ਼ਨ ਮੰਤਰੀ ਅਹਮਦ ਹੁਸੈਨ ਵਲੋਂ ਪੇਸ਼ ਕੀਤੀ, ਜਿਸ ਤਹਿਤ ਉਹ ਭਾਰਤ ਤੋਂ ਕੈਨੇਡਾ ਆਉਣ ਵਾਲੇ ਚਾਹਵਾਨ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਕੰਸਲਟੈਂਟਾਂ ਦੀ ਰਾਇ ਨਾ ਲੈਣ ਬਾਰੇ ਜਾਗਰੂਕ ਕਰਦੇ ਹਨ। ਇਹ ਮੁਹਿੰਮ ਇਮੀਗ੍ਰੇਸ਼ਨ ਵਿਭਾਗ ਦੀ ਪਹਿਲੀ ਅਜਿਹੀ ਮੁਹਿੰਮ
ਹੈ।
ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਤੋਂ ਕੈਨੇਡਾ ਘੁੰਮਣ ਵਾਲਿਆਂ, ਪੜ੍ਹਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਨਾਲ ਹੀ ਵੱਡੀ ਗਿਣਤੀ ਵਿੱਚ ਲੋਕ ਧੋਖੇਬਾਜ ਏਜੰਟਾਂ ਦੇ ਜਾਲ ਵਿਚ ਫੱਸ ਰਹੇ ਹਨ। ਜ਼ਿਕਰਯੋਗ ਹੈ ਕਿ ਟਰੂਡੋ ਸਰਕਾਰ ਨੇ ਕੰਸਲਟੈਂਟਾਂ ‘ਤੇ ਨਜ਼ਰ ਰੱਖਣ ਲਈ ਇਕ ਨਵੀ ਸਵੈ ਰੈਗੂਲੇਟਰੀ ਸੰਸਥਾ ਦੀ ਸਥਾਪਨਾ ਕੀਤੀ ਹੈ। ਪਾਸ ਕੀਤੇ ਗਏ ਪੰਜ ਸਾਲਾ ਬਜਟ ਵਿਚ ਇਸ ਨਵੀ ਸੰਸਥਾ ਦੀ ਯੋਜਨਾ ਤਹਿਤ ਤਕਰੀਬਨ ੫੧.੯ ਮਿਲੀਅਨ ਡਾਲਰ ਤੱਕ ਦਾ ਖਰਚਾ ਰੱਖਿਆ ਗਿਆ ਸੀ, ਜਿਸ ਵਿਚ ਕੈਨੇਡਾ ਬਾਰਡਰ ਏਜੇਂਸੀ ਦੀਆਂ ਸੇਵਾਵਾਂ ਦੇ ਖਰਚੇ ਵੀ ਸ਼ਾਮਿਲ ਹਨ। ਇਮੀਗ੍ਰੇਸ਼ਨ ਵਿਭਾਗ ਦੀ ਇਹ ਨਵੀ ਮੁਹਿੰਮ ਅੰਗਰੇਜ਼ੀ, ਫ੍ਰੈਂਚ, ਪੰਜਾਬੀ ਅਤੇ ਹਿੰਦੀ ਵਿਚ ਮੌਜੂਦ ਹੈ, ਜੋ ਕਿ ਅਖਬਾਰ, ਰੇਡੀਓ, ਫੇਸਬੁੱਕ ਅਤੇ ਗੂਗਲ ਰਾਹੀਂ ਵੇਖੀ ਜਾ ਸਕਦੀ ਹੈ ਜਾਂ ਇਸ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਇਸ ਮੁਹਿੰਮ ਤਹਿਤ ਠੱਗ ਏਜੰਟਾਂ ਦੀ ਨੀਂਦ ਉਡ ਗਈ ਹੈ ਅਤੇ ਜਾਇਜ਼ ਏਜੰਟਾਂ ਨੂੰ ਰਾਹਤ ਮਿਲੀ
ਹੈ।