ਮਾਛੀਵਾੜਾ ਨੇੜਲੇ ਪਿੰਡ ਲੁਬਾਣਗੜ੍ਹ ਵਾਸੀ ਨੌਜਵਾਨ ਹਰਜੀਤ ਸਿੰਘ (42) ਦੀ ਕੈਨੇਡਾ ‘ਚ ਟਰਾਲਾ ਚਲਾਉਂਦੇ ਹੋਏ ਅਮਰੀਕਾ ਜਾ ਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਕਰੀਬ 2 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉਥੇ ਸਰੀ ਸ਼ਹਿਰ ‘ਚ ਜਾ ਕੇ ਟਰਾਲਾ ਚਲਾਉਣ ਦਾ ਕੰਮ ਕਰਨ ਲੱਗਾ ਸੀ।
ਨੌਜਵਾਨ ਹਰਜੀਤ ਸਿੰਘ ਟਰਾਲੇ ‘ਚ ਸਾਮਾਨ ਲੱਦ ਕੇ ਕੈਨੇਡਾ ਤੋਂ ਅਮਰੀਕਾ ਦੇ ਸ਼ਹਿਰ ਕੈਲੇਫ਼ੋਰਨੀਆ ਗਿਆ ਅਤੇ ਉਥੇ ਸਾਮਾਨ ਉਤਾਰ ਕੇ ਵਾਪਸ ਕੈਨੇਡਾ ਆ ਰਿਹਾ ਸੀ ਕਿ ਅਚਾਨਕ ਰਸਤੇ ਦੌਰਾਨ ਉਸ ਦੀ ਛਾਤੀ ‘ਚ ਦਰਦ ਹੋਣ ਲੱਗ ਗਿਆ। ਉਸ ਨੇ ਟਰਾਲਾ ਰਸਤੇ ‘ਚ ਪੈਂਦੇ ਪੰਪ ‘ਤੇ ਲਗਾ ਦਿਤਾ ਅਤੇ ਉਥੋਂ ਪਿੰਡ ਰਹਿੰਦੀ ਅਪਣੀ ਪਤਨੀ ਨੂੰ ਫ਼ੋਨ ਕੀਤਾ ਕਿ ਉਸ ਦੀ ਸਿਹਤ ਠੀਕ ਨਹੀਂ ਲੱਗ ਰਹੀ ਅਤੇ ਕੁੱਝ ਹੀ ਮਿੰਟਾਂ ਬਾਅਦ ਉਸ ਨੇ ਫ਼ੋਨ ਚੁੱਕਣਾ ਬੰਦ ਕਰ ਦਿਤਾ।
ਕੈਨੇਡਾ ਰਹਿੰਦੇ ਉਸ ਦੇ ਸਾਥੀਆਂ ਵਲੋਂ ਜਦੋਂ ਤਲਾਸ਼ ਕੀਤੀ ਗਈ ਤਾਂ ਅਮਰੀਕਾ ਦੇ ਸ਼ਹਿਰ ਕੈਲੇਫ਼ੋਰਨੀਆ ਨੇੜੇ ਇਕ ਪੰਪ ‘ਤੇ ਉਸ ਦਾ ਟਰਾਲਾ ਖੜ੍ਹਾ ਦਿਖਾਈ ਦਿਤਾ। ਇਥੇ ਪਹੁੰਚ ਕੇ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਟਰਾਲੇ ਦੇ ਕੈਬਿਨ ‘ਚ ਹਰਜੀਤ ਸਿੰਘ ਮ੍ਰਿਤਕ ਹਾਲਤ ‘ਚ ਪਿਆ ਸੀ। ਹਰਜੀਤ ਸਿੰਘ ਦੀ ਮੌਤ ਸਬੰਧੀ ਉਸ ਦੇ ਪਿੰਡ ਲੁਬਾਣਗੜ੍ਹ ਵਿਖੇ ਮਾਪਿਆਂ ਅਤੇ ਪਤਨੀ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਉਸ ਦੇ 2 ਛੋਟੇ ਬੱਚੇ ਵੀ ਹਨ। ਪਰਵਾਰਕ ਮੈਂਬਰਾਂ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ਪਹੁੰਚ ਕੇ ਉਥੇ ਉਸ ਦਾ ਅੰਤਮ ਸਸਕਾਰ ਕੀਤਾ ਜਾ ਸਕੇ।