ਕੈਨੇਡਾ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਨਤਮਸਤਕ

0
999

ਫ਼ਤਹਿਗੜ੍ਹ ਸਾਹਿਬ, 9 ਨਵੰਬਰ
ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਤੋਂ 150 ਮੈਂਬਰੀ ਸਿੱਖ ਜਥਾ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਇਆ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ ਵੱਲੋਂ ਜਥੇ ਦਾ ਸਨਮਾਨ ਕੀਤਾ ਗਿਆ।
ਜਥੇ ਦੀ ਅਗਵਾਈ ਕਰ ਰਹੇ ਗੁਰੂ ਨਾਨਕ ਫਾਊਂਡੇਸ਼ਨ ਆਫ਼ ਕੈਨੇਡਾ ਦੇ ਪ੍ਰਧਾਨ ਐੱਨਆਰਆਈ ਹਰਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਜਥਾ ਦਿੱਲੀ, ਪੰਜਾਬ, ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦਾ ਹੋਇਆ 10 ਨਵੰਬਰ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚੇਗਾ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ 17 ਨਵੰਬਰ ਨੂੰ ਸੁਲਤਾਨਪੁਰ ਲੋਧੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਫਾਊਂਡੇਸ਼ਨ ਆਫ਼ ਕੈਨੇਡਾ ਵੱਲੋਂ ਪੰਜਾਬ, ਰਾਜਸਥਾਨ ਤੇ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਸੇ ਪਾਸੇ ਦੇ ਸਕੂਲਾਂ ਵਿੱਚ ਗੁਰੂ ਨਾਨਕ ਦੇਵ ਦੇ ਨਾਂ ’ਤੇ ਲੈਬਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਪਾਕਿਸਤਾਨ ਤੇ ਭਾਰਤ ਵਿਚ ਲੋੜਵੰਦਾਂ ਨੂੰ ਸਹੂਲਤਾਂ ਦੇਣ ਲਈ ਪ੍ਰਾਜੈਕਟ ਉਲੀਕੇ ਹਨ। ਇਸ ਮੌਕੇ ਖ਼ਾਲਸਾ ਫੁੱਟਬਾਲ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।