ਕੈਨੇਡਾ ‘ਚ ਪੱਕੇ ਤੌਰ ‘ਤੇ ਵਸਣ ਲਈ 3600 ਉਮੀਦਵਾਰਾਂ ਦਾ ਡਰਾਅ ਨਿਕਲਿਆ

0
1050

ਟੋਰਾਂਟੋ: ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਡਰਾਅ ‘ਚ ੩੬੦੦ ਉਮੀਦਵਾਰਾਂ ਦਾ ਡਰਾਅ ਨਿਕਲਿਆ ਹੈ ਜੋ ਐਕਸਪ੍ਰੈਸ ਐਂਟਰੀ ‘ਚ ਆਪਣਾ ਨਾਂਅ (ਪ੍ਰੋਫਾਇਲ) ਦਾਖਲ ਕਰਨ ਤੋਂ ਬਾਅਦ ਇੰਤਜ਼ਾਰ ਕਰ ਰਹੇ ਸਨ। ਜਿਨ੍ਹਾਂ ਦਾ ਡਰਾਅ ਨਿਕਲਿਆ ਹੈ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਕੋਲ ਪਰਿਵਾਰਾਂ ਸਮੇਤ ਕੈਨੇਡਾ ਦਾ ਪੱਕਾ ਵੀਜ਼ਾ ਅਪਲਾਈ ਕਰਨ ਲਈ ਲਗਪਗ ਦੋ ਮਹੀਨਿਆਂ ਦਾ ਸਮਾਂ ਹੈ।
੪੫੭ ਤੋਂ ਉਪਰ ਸਕੋਰ ਵਾਲੇ ਹਰੇਕ ਉਸ ਵਿਅਕਤੀ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਹੈ। ਜਿਸ ਨੇ ੨੪ ਮਾਰਚ ੨੦੧੯ ਜਾਂ ਇਸ ਤਰੀਕ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਸਿਸਟਮ ਦੇ ਪੂਲ ‘ਚ ਆਪਣਾ ਨਾਂਅ ਦਾਖਲ ਕੀਤਾ ਸੀ। ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਐਕਸਪ੍ਰੈਸ ਐਂਟਰੀ ਸਿਸਟਮ ‘ਚ ਫੈਡਰਲ ਸਕਿੱਲਡ ਵਰਕਰਜ਼ ਕਲਾਸ, ਕੈਨੇਡੀਅਨ ਐਕਸਪੀਰੀਐਂਸ ਕਲਾਸ ਅਤੇ ਫੈਡਰਲ ਸਕਿੱਲਡ ਟਰੇਡਜ਼ ਕਲਾਸ ਤਹਿਤ ਆਪਣੀ ਯੋਗਤਾ ਦੇ ਅਧਾਰ ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਸਕੋਰ ਦੇ ਕੁਲ ੧੨੦੦ ਨੰਬਰ ਹੁੰਦੇ ਹਨ। ਪੜ੍ਹਾਈ, ਉਮਰ, ਕੰਮ ਦਾ ਤਜ਼ਰਬਾ ਅਤੇ ਅੰਗਰੇਜ਼ੀ/ਫਰੈਂਚ ਦੇ ਗਿਆਨ ਦੇ ਅਧਾਰ ‘ਤੇ ਸਭ ਤੋਂ ਵੱਧ ਸਕੋਰ ਹਾਸਿਲ ਕੀਤਾ ਜਾ ਸਕਦਾ ਹੈ।
੨੦੧੯ ਦੇ ਬੀਤੇ ਅੱਠ ਮਹੀਨਿਆਂ ਦੌਰਾਨ ਕੁਲ ੧੭ ਡਰਾਅ ਕੱਢੇ ਗਏ ਜਿਨ੍ਹਾਂ ਰਾਹੀਂ ੫੨੮੫੦ ਉਮੀਦਵਾਰਾਂ ਨੂੰ ਕੈਨੇਡਾ ਦਾ ਆਪਣਾ ਸੁਪਨਾ ਸੱਚ ਕਰਨ ਦਾ ਮੌਕਾ ਮਿਲਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (ਪੀ.ਐਨ.ਪੀ.) ਤਹਿਤ ਵੀ ੨੦ ਅਗਸਤ ਨੂੰ ੫੫੧ ਵਿਅਕਤੀਆਂ ਦਾ ਡਰਾਅ ਕੱਢਿਆ ਸੀ।