ਕੈਨੇਡਾ ਚੋਣਾਂ ਦੇ ਨਤੀਜੇ ਬਾਰੇ ਬੇਯਕੀਨੀ ਬਰਕਰਾਰ

0
1036

ਟੋਰਾਂਟੋ: ਕੈਨੇਡਾ ‘ਚ ਸੰਸਦੀ ਚੋਣਾਂ ਦੇ ਪ੍ਰਚਾਰ ਦਾ ਬੀਤੇ ਕੱਲ੍ਹ ੨੫ਵਾਂ ਦਿਨ ਸਮਾਪਤ ਹੋਣ ਤੋਂ ਬਾਅਦ ਅਜੇ ਤੱਕ ਕਿਸੇ ਇਕ ਰਾਜਨੀਤਕ ਪਾਰਟੀ ਦੀ ਜਿੱਤ ਬਾਰੇ ਬੇਯਕੀਨੀ ਬਰਕਰਾਰ
ਹੈ।
੨੦੧੫ ‘ਚ ਲਿਬਰਲ ਪਾਰਟੀ ਨੂੰ ਨੌਜਵਾਨਾਂ, ਔਰਤਾਂ ਤੇ ਪ੍ਰਵਾਸੀ ਭਾਈਚਾਰਿਆਂ ਦੀ ਵੋਟ ਦਾ ਲਾਭ ਹੋਇਆ ਸੀ ਤੇ ੧੮੪ ਉੱਪਰ ਜਿੱਤ ਹੋ ਗਈ ਸੀ ਪਰ ਇਸ ਵਾਰ ਅਜੇ ਤੱਕ ਵੋਟਰਾਂ ‘ਚ ਕਿਸੇ ਪਾਰਟੀ ਪ੍ਰਤੀ ਉਲਾਰ ਅਜੇ ਨਜ਼ਰ ਨਹੀਂ ਆ ਰਿਹਾ ਤੇ ਅਜੇ ਆਮ ਵਿਅਕਤੀ ਭੰਬਲ਼ਭੂਸੇ ‘ਚ ਹਨ ਤੇ ਆਮ ਗੱਲਬਾਤ ਦੌਰਾਨ ਅਕਸਰ ਇਕ-ਦੂਸਰੇ ਤੋਂ ਸਲਾਹ ਲੈਂਦੇ ਹਨ ਕਿ ਵੋਟ ਕਿਸ ਨੂੰ ਪਾਈ
ਜਾਵੇ।
ਹਾਲ ਦੀ ਘੜੀ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਬੜੀ ਕਾਂਟੇ ਦੀ ਟੱਕਰ ਦੱਸੀ ਜਾ ਰਹੀ ਹੈ ਪਰ ਕਿਸੇ ਇਕ ਦੇ ਬਹੁਮਤ ਪ੍ਰਾਪਤ ਕਰਨ ਦੇ ਸਮਰੱਥ ਹੋਣ ਬਾਰੇ ਅਜੇ ਸਥਿਤੀ ਸਪਸ਼ਟ ਨਹੀਂ ਹੈ।
ਗਰੀਨ ਪਾਰਟੀ ਜੋ ਅਜੇ ਤੱਕ ਸੰਸਦ ‘ਚ ਕਦੇ ਦੋ ਸੀਟਾਂ ਤੋਂ ਵੱਧ ਨਹੀਂ ਜਿੱਤ ਸਕੀ, ਦੀ ਹਾਲਤ ਇਸ ਵਾਰੀ ਕੁਝ ਮਜ਼ਬੂਤ ਹੈ ਅਤੇ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਕੁਝ ਵੋਟਰ ਗਰੀਨ ਵੱਲ ਝੁਕ ਸਕਦੇ
ਹਨ।
ਲਿਬਰਲ ਪਾਰਟੀ ਨਾਲ ਨਾਰਾਜ਼ ਵੋਟਰ ਐਨ.ਡੀ.ਪੀ. ਤੇ ਗਰੀਨ ‘ਚ ਵੰਡੇ ਜਾ ਸਕਦੇ ਹਨ। ਕੰਜ਼ਰਵੇਟਿਵ ਪਾਰਟੀ ਦਾ ਕੈਨੇਡਾ ਦੇ ਪੇਂਡੂ ਖੇਤਰਾਂ ‘ਚ ਬੱਝਵਾਂ ਆਧਾਰ ਹੈ ਪਰ ਸ਼ਹਿਰੀ ਹਲਕੇ ਜਿੱਤਣ ਤੋਂ ਬਿਨਾਂ ਕੋਈ ਪਾਰਟੀ ਕੈਨੇਡਾ ‘ਚ ਸਰਕਾਰ ਨਹੀਂ ਬਣਾ ਸਕਦੀ ਕਿਉਂਕਿ ਭਾਰਤ ਪਿੰਡਾਂ ‘ਚ ਵੱਸਦਾ ਹੈ ਪਰ ਇਸ ਤੋਂ ਉਲਟ ਕੈਨੇਡਾ ਦੀ ਬਹੁਤ ਵਸੋਂ ਸ਼ਹਿਰਾਂ ਜਾਂ ਸ਼ਹਿਰੀ ਖੇਤਰਾਂ ਦੇ ਆਸ ਪਾਸ ਹੈ।
ਇਸ ਕਰਕੇ ਬਹੁਤ ਸੰਸਦੀ ਹਲਕੇ ਸ਼ਹਿਰੀ ਖੇਤਰਾਂ ‘ਚ ਆਉਂਦੇ ਹਨ। ਚੋਣ ਪ੍ਰਚਾਰ ਦੀਆਂ ਬਹੁਤੀਆਂ ਮੁਹਿੰਮਾਂ ਵੀ ਸ਼ਹਿਰੀ ਖੇਤਰਾਂ ‘ਚ ਹੁੰਦੀਆਂ
ਹਨ।
ਪ੍ਰਵਾਸੀ ਭਾਈਚਾਰਿਆਂ ਵਿਸ਼ੇਸ਼ ਤੌਰ ‘ਤੇ ਮੁਸਲਿਮ ਤੇ ਸਿੱਖਾਂ ਦਾ ਬਹੁਤ ਉਲਾਰ ਆਮ ਤੌਰ ‘ਤੇ ਲਿਬਰਲ ਪਾਰਟੀ ਵੱਲ ਹੋਇਆ ਕਰਦਾ ਹੈ ਪਰ ਇਸ ਵਾਰ ਸਿੱਖ ਵੋਟ ਮੁੱਖ ਤੌਰ ‘ਤੇ ਲਿਬਰਲ, ਐਨ.ਡੀ.ਪੀ. (ਮੁੱਖ ਤੌਰ ‘ਤੇ ਜਗਮੀਤ ਸਿੰਘ ਕਰਕੇ) ਤੇ ਕੰਜ਼ਰਵੇਟਿਵ ਪਾਰਟੀ ‘ਚ ਵੰਡੀ
ਜਾਵੇਗੀ।