ਕੈਨੇਡਾ ਦੀਆਂ ਸੰਸਦੀ ਚੋਣਾਂ ਦਾ ਬਿਗਲ ਵੱਜਾ

0
1028

ਵੈਨਕੂਵਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਅਟ ਨਾਲ ਰਾਜਧਾਨੀ ਓਟਾਵਾ ਵਿਖੇ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ੪੩ਵੀਂ ਸੰਸਦ ਭੰਗ ਕਰਕੇ ੪੪ਵੀਂ ਸੰਸਦ ਦੇ ਗਠਨ ਲਈ ਆਮ ਚੋਣਾਂ ਦਾ ਐਲਾਨ ਕੀਤਾ ਗਿਆ।
ਜਿਸ ਤਹਿਤ ੨੧ ਅਕਤੂਬਰ ੨੦੧੯ ਵੋਟਾਂ ਦਾ ਆਖ਼ਰੀ ਦਿਨ ਹੋਵੇਗਾ। ਇਸ ਤੋਂ ੧੦ ਕੁ ਦਿਨ ਪਹਿਲਾਂ ਤੋਂ ਵੋਟਰਾਂ ਨੂੰ ਐਡਵਾਂਸ ਪੋਲਿੰਗ ਦੇ ਦਿਨਾਂ ਦੌਰਾਨ ਵੋਟਰਾਂ ਨੂੰ ਵੋਟਾਂ ਪਾਉਣ ਦਾ ਖੁੱਲ੍ਹਾ ਮੌਕਾ ਦਿੱਤਾ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕ ਵੋਟ ਪਾ ਸਕਣ।
ਅਗਲੇ ੪੦ ਦਿਨ ਚੋਣ ਪ੍ਰਚਾਰ ਦਾ ਸਮਾਂ ਹੈ। ਜਿਸ ਦੌਰਾਨ ਸਾਰੇ ੩੩੮ ਹਲਕਿਆਂ ‘ਚ ਉਮੀਦਵਾਰ ਲੋਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦੀ ਹਿਮਾਇਤ ਪ੍ਰਾਪਤ ਕਰਨ ਦੀ ਕੋਸ਼ਿਸ਼ ‘ਚ ਰਹਿਣਗੇ। ਪ੍ਰਮੁੱਖ ਤੌਰ ‘ਤੇ ਪੰਜ ਰਾਜਨੀਤਕ ਕੌਮੀ ਅਤੇ ਇਕ ਖੇਤਰੀ ਪਾਰਟੀ (ਬਲਾਕ ਕਿਊਬਕ) ਪਾਰਟੀਆਂ ਚਰਚਾ ਵਿਚ ਹਨ। ਸੱਤਾਧਾਰੀ ਲਿਬਰਲ ਪਾਰਟੀ, ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.), ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੀ ਸਰਵੇਖਣਾਂ ‘ਚ ਚਰਚਾ ਰਹਿੰਦੀ ਹੈ। ਹਾਲ ਦੀ ਘੜੀ ਸ੍ਰੀ ਟਰੂਡੋ ਦੀ ਅਗਵਾਈ ‘ਚ ਲਿਬਰਲ ਪਾਰਟੀ ਦੀ ਸਭ ਤੋਂ ਮਜ਼ਬੂਤ ਸਥਿਤੀ (੩੭ ਫ਼ੀਸਦੀ) ਦੱਸੀ ਜਾ ਰਹੀ ਹੈ ਪਰ ੨੦੧੫ ਦੀ ਤਰ੍ਹਾਂ ਉਹ ਸ਼ਾਇਦ ਬਹੁਮਤ ਵਾਲੀ ਸਰਕਾਰ ਦਾ ਗਠਨ ਨਾ ਕਰ ਸਕਣ। ਕੰਜ਼ਰਵੇਟਿਵ ਪਾਰਟੀ ੩੪ ਫ਼ੀਸਦੀ ਦੀ ਹਰਮਨ ਪਿਆਰਤਾ ਨਾਲ ਲਿਬਰਲ ਪਾਰਟੀ ਨੂੰ ਸਖ਼ਤ ਟੱਕਰ ਦੇ ਰਹੀ ਹੈ। ਕੈਨੇਡਾ ‘ਚ ਆਮ ਤੌਰ ‘ਤੇ ਤੀਜੇ ਨੰਬਰ ਦੀ ਪਾਰਟੀ ਐਨ.ਡੀ.ਪੀ. ਹੋਇਆ ਕਰਦੀ ਹੈ ਪਰ ਬੀਤੇ ਕਈ ਮਹੀਨਿਆਂ ਤੋਂ ਗਰੀਨ ਪਾਰਟੀ ਦਾ ਲੋਕ ਆਧਾਰ ਵਧਿਆ ਹੈ ਜੋ ਲਗਭਗ ੧੧ ਫ਼ੀਸਦੀ ਦੀ ਹਰਮਨ ਪਿਆਰਤਾ ਨਾਲ ਸਾਢੇ ਕੁ ਅੱਠ ਫ਼ੀਸਦੀ ਦੇ ਅੰਕੜੇ ਤੱਕ ਪੁੱਜਦੀ ਐਨ.ਡੀ.ਪੀ. ਨੂੰ ਪਛਾੜ ਕੇ ਤੀਸਰੇ ਨੰਬਰ ਦੀ ਪਾਰਟੀ ਵਜੋਂ ਸਾਹਮਣੇ ਆ ਰਹੀ ਹੈ।