ਦੇਸ਼ ਭਰ ‘ਚ ਉਤਸ਼ਾਹ ਨਾਲ ਮਨਾਇਆ ਕੈਨੇਡਾ ਦਿਵਸ

0
1343

ਟੋਰਾਟੋ: ਕੈਨੇਡਾ ਦਾ ੧੫੨ਵਾਂ ਸਥਾਪਨਾ ਦਿਵਸ ਰਾਜਧਾਨੀ ਓਟਾਵਾ ਸਮੇਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ‘ਚ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਮੌਕੇ ਵਡੇਰੀ ਉਮਰ ਦੇ ਲੋਕਾਂ ਅਤੇ ਬੱਚਿਆਂ ‘ਚ ਵਿਆਹ ਵਰਗਾ ਚਾਅ ਵੇਖਣ ਨੂੰ ਮਿਲਿਆ। ਕੈਨੇਡਾ ਦੀ ਗਵਰਨਰ ਜਨਰਲ ਜੂਲੀ ਪੇਅਟ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜਿੱਥੇ ਸਮੁੱਚੇ ਦੇਸ਼ ਵਾਸੀਆਂ ਨੂੰ ਕੈਨੇਡਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ, ਉੱਥੇ ਹੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੀਆਂ ਸਰਕਾਰਾਂ, ਮਿਊਾਸਪਲਟੀਜ਼ ਵਲੋਂ ਵੀ ਆਪੋ-ਆਪਣੇ ਪੱਧਰ ‘ਤੇ ਕੈਨੇਡਾ ਦਿਵਸ ਸਬੰਧੀ ਸਮਾਗਮ ਕਰਵਾਏ ਗਏ। ਟੋਰਾਂਟੋਂ, ਬਰੈਂਪਟਨ, ਮਿਸੀਸਾਗਾ, ਨਿਆਗਰਾ ਫਾਲਜ਼, ਕੈਂਬ੍ਰਿਜ਼, ਵੁੱਡ ਸਟੋਕ, ਕੈਲੇਡਨ, ਏਜੈਕਸ, ਬੈਰੀ, ਮਿਡਲੈਂਡ ਸਮੇਤ ਹਰ ਇਕ ਸ਼ਹਿਰ ਕੈਨੇਡਾ ਦੇ ਰਾਸ਼ਟਰੀ ਰੰਗ ‘ਚ ਰੰਗਿਆ ਨਜ਼ਰ ਆਇਆ, ਜਿੱਥੇ ਹਰ ਪਾਸੇ ਕੈਨੇਡਾ ਦਾ ਰਾਸ਼ਟਰੀ ਝੰਡਾ ਹੀ ਨਜ਼ਰ ਆ ਰਿਹਾ ਸੀ। ਬਰੈਂਪਟਨ ਸ਼ਹਿਰ ਵਲੋਂ ਇੱਥੋਂ ਦੀ ਚੰਗੂਜ਼ੀ ਪਾਰਕ ‘ਚ ਕੈਨੇਡਾ ਦਿਵਸ ਦੇ ਸਮਾਗਮ ਰੱਖੇ ਗਏ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਸਮਾਗਮਾਂ ਦੀ ਸ਼ੁਰੂਆਤ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵਲੋਂ ਕੈਨੇਡਾ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਬਰੈਂਪਟਨ ਸ਼ਹਿਰ ਨੂੰ ਹੋਰ ਵੀ ਸੋਹਣਾ ਬਣਾਉਣ ਦੀ ਗੱਲ ਕੀਤੀ।
ਇਸ ਮੌਕੇ ਸੰਸਦ ਮੈਂਬਰ ਸੋਨੀਆ ਸਿੱਧੂ, ਰਮੇਸ਼ਵਰ ਸਿੰਘ ਸੰਘਾ, ਕਮਲ ਖਹਿਰਾ, ਸੁਬਾਈ ਮੰਤਰੀ ਪ੍ਰਭ ਸਰਕਾਰੀਆ, ਵਿਧਾਇਕ ਅਮਰਜੋਤ ਸਿੰਘ ਸੰਧੂ, ਰਿਜ਼ਨਲ ਕਾਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਸਲਰ ਹਰਕੀਰਤ ਸਿੰਘ ਸਮੇਤ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਲੋਕਾਂ ਵਲੋਂ ਆਪੋ-ਆਪਣੇ ਚਿਹਰਿਆਂ ਅਤੇ ਸਰੀਰ ਦੇ ਹੋਰ ਵੱਖ-ਵੱਖ ਹਿੱਸਿਆਂ ‘ਤੇ ‘ਮੈਪਲ ਲੀਫ਼’ ਛਪਵਾਇਆ ਹੋਇਆ ਵੀ ਵੇਖਿਆ ਗਿਆ ਅਤੇ ਬਹੁਤ ਲੋਕਾਂ ਨੇ ਸਤਿਕਾਰ ਵਜੋਂ ਕੈਨੇਡਾ ਦਾ ਰਾਸ਼ਟਰੀ ਝੰਡਾ ਵੀ ਆਪਣੇ ਸਰੀਰ ‘ਤੇ ਲਪੇਟਿਆ ਹੋਇਆ ਸੀ ਜਦੋਂ ਕਿ ਗਰਮੀ ਜ਼ਿਆਦਾ ਹੋਣ ਤੇ ਦਿਨ ਵਧੀਆ ਹੋਣ ਕਾਰਨ ਪਾਰਕ ‘ਚ ਚਲਦੇ ਪਾਣੀ ਦੇ ਫੁਆਰਿਆਂ ਥੱਲੇ ਲੋਕ ਮਸਤੀ ਮਾਰਦੇ ਵੀ ਵੇਖੇ ਗਏ। ਕੈਨੇਡਾ ਦਿਵਸ ਸਮਾਗਮਾਂ ਦੌਰਾਨ ਵੱਖ-ਵੱਖ ਸ਼ਹਿਰਾਂ ‘ਚ ਆਤਿਸ਼ਬਾਜ਼ੀ ਵੀ ਕੀਤੀ ਗਈ, ਜਦੋਂ ਕਿ ਨਿਆਗਰਾ ਫਾਲਜ਼ ‘ਚ ਕੀਤੀ ਆਤਿਸ਼ਬਾਜ਼ੀ ਦਾ ਆਨੰਦ ਸਰਹੱਦ ‘ਤੇ ਖੜੇ ਅਮਰੀਕਾ ਵਾਸੀਆਂ ਨੇ ਵੀ ਮਾਣਿਆ।
ਕੈਨੇਡਾ ਡੇਅ ਦੇ ਮੌਕੇ ‘ਤੇ ਪੂਰੇ ਕੈਨੇਡਾ ‘ਚ ਜਸ਼ਨ ਵਰਗਾ ਮਾਹੌਲ ਸਿਰਜਿਆ ਨਜ਼ਰੀ ਆਇਆ। ਭਾਰਤ ਦੇ ਪ੍ਰਮੁੱਖ ਤਿਉਹਾਰ ਦੀਵਾਲੀ ਵਾਂਗ ‘ਕੈਨੇਡਾ ਡੇਅ’ ਦੇ ਮੌਕੇ ‘ਤੇ ਬੀਤੇ ਕੱਲ ਤੋਂ ਹੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ‘ਚ ਆਮ ਲੋਕਾਂ ਦੀ ਭੀੜ ਨਾਲ ਰੌਣਕ ਵਾਲਾ ਮਾਹੌਲ ਬਣਿਆ ਹੋਇਆ ਸੀ। ਦੁਪਹਿਰ ਨੂੰ ਤਿੱਖੀ ਧੁੱਪ ਨਿਕਲਣ ਮਗਰੋਂ ਬਹੁਗਿਣਤੀ ਲੋਕਾਂ ਨੇ ਸਮੁੰਦਰੀ ਅਤੇ ਦਰਿਆਈ ਕਿਨਾਰਿਆਂ ‘ਤੇ ਜਾ ਕੇ ਆਪਣੇ ਪਰਿਵਾਰਾਂ ਅਤੇ ਦੋਸਤਾਂ-ਮਿੱਤਰਾਂ ਨਾਲ ਆਨੰਦ ਮਾਣਿਆ।
ਇਸ ਮੌਕੇ ‘ਤੇ ਸ਼ਾਪਿੰਗ ਸੈਂਟਰਾਂ ‘ਚ ਵੀ ਖਰੀਦ ਫਰੋਖਤ ਕਰਨ ਵਾਲਿਆਂ ਦੀ ਆਵਾਜਾਈ ਲੱਗੀ ਰਹੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਵਿਸ਼ੇਸ਼ ਦਿਨ ‘ਤੇ ਕੈਨੇਡੀਅਨ ਲੋਕਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਲੋਕਾਂ ਵੱਲੋਂ ਆਪੋ-ਆਪਣੇ ਵਾਹਨਾਂ ਉਪਰ ਕੈਨੇਡੀਅਨ ਝੰਡੇ ਲਹਿਰਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।