ਕੈਨੇਡਾ ‘ਚ ਮਹਿੰਗਾਈ ਸਿਖਰੀ ਪੁੱਜੀ

0
1443

ਟੋਰਾਂਟੋ: ਕੈਨੇਡਾ ‘ਚ ਹਰੇਕ ਪ੍ਰਕਾਰ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ। ਇਮੀਗ੍ਰੇਸ਼ਨ ਸਦਕਾ ਆਬਾਦੀ ਵਧਣ ਨਾਲ਼ ਵਸਤਾਂ ਦੀ ਮੰਗ ਵਧ ਰਹੀ ਹੈ। ਸਪਲਾਈ ‘ਚ ਢੁਕਵਾਂ ਵਾਧਾ ਨਾ ਹੋਣ ਕਾਰਨ ਅਕਸਰ ਬਹੁਤ ਸਾਰੇ (ਸਸਤੇ ਸਾਮਾਨ ਦੇ) ਸਟੋਰਾਂ ‘ਚ ਕਾਊਂਟਰ ਆਮ ਨਾਲੋਂ ਜਲਦੀ ਖਾਲ੍ਹੀ ਹੋ ਜਾਂਦੇ ਹਨ। ਇਮੀਗ੍ਰਾਂਟ ਵਸੋਂ ‘ਚ ਦੁੱਧ, ਮੱਖਣ ਅਤੇ ਦੇਸੀ ਘਿਓ ਦੀ ਭਾਰੀ ਖਪਤ ਦਰਜ ਕੀਤੀ ਜਾਂਦੀ ਹੈ।
ਦੇਸੀ ਘਿਓ ਬੀਤੇ ਇਕ ਸਾਲ ‘ਚ ਹੀ ੩੦ ਫੀਸਦੀ ਤੱਕ ਮਹਿੰਗਾ ਹੋਇਆ ਹੈ। ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਮੁੱਖ ਤੌਰ ‘ਤੇ ਸਰਦੀਆਂ ‘ਚ ਅਮਰੀਕਾ ਦੇ ਫਲੋਰਿਡਾ ਅਤੇ ਕੈਲੀਫੋਰਨੀਆ ਰਾਜਾਂ ਦੇ ਕਾਸ਼ਤਕਾਰਾਂ ਉਪਰ ਨਿਰਭਰ ਹੋ ਜਾਂਦੀ ਹੈ ਜਿੱਥੋਂ ਟਰੱਕਾਂ ਰਾਹੀਂ ਢੁਆਈ ਕੈਨੇਡਾ ਦੇ ਵੱਖ-ਵੱਖ ਖਿੱਤਿਆਂ ‘ਚ ਹੁੰਦੀ ਹੈ। ਕੈਨੇਡੀਅਨ ਆਰਥਿਕ ਮਾਹਿਰ ਮੰਨਦੇ ਹਨ ਕਿ ਨਵੇਂ ਸਾਲ ੨੦੨੦ ਦੌਰਾਨ ਦੇਸ਼ ‘ਚ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਹੋਰ ਵਧੇਗੀ ਅਤੇ ਹਰੇਕ ਪਰਿਵਾਰ ਉਪਰ ੪੦੦ ਜਾਂ ਇਸ ਤੋਂ ਵੀ ਵੱਧ ਡਾਲਰਾਂ ਦਾ ਵਾਧੂ ਸਾਲਾਨਾ ਬੋਝ ਪਵੇਗਾ। ਯੂਨਵਰਸਿਟੀ ਆਫ ਗੁਐਲਫ ਦੇ ਖੋਜੀਆਂ ਦੀ ਰਿਪੋਰਟ ਮੁਤਾਬਿਕ ਸੋਕੇ, ਜੰਗਲ਼ੀ ਅੱਗਾਂ, ਬਰਫਬਾਰੀ ਅਤੇ ਵਾਤਾਵਰਨ ‘ਚ ਬੇਮੌਸਮੀ ਖਰਾਬੀ ਕਾਰਨ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ। ਕਿਸਾਨੀ ਉਤਪਾਦਾਂ ਦਾ ਝਾੜ ਘਟਣ ਨਾਲ਼ ਸਟੋਰਾਂ ‘ਚ ਰੋਜ਼ਾਨਾ ਵਰਤੋਂ ਦੇ ਖਾਧ ਪਦਾਰਥ ਮਹਿੰਗੇ ਹੋਣਾ ਯਕੀਨੀ ਹਨ।