ਇਮਰਾਨ ਦੀ ਤਾਰੀਫ਼ ਤੋਂ ਭਾਜਪਾ ਸਿੱਧੂ ’ਤੇ ਭੜਕੀ

0
1643

ਭਾਜਪਾ ਨੇ ਅੱਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਸਰਹੱਦ ਪਾਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਸ਼ੰਸਾ ਕਰਨ ਅਤੇ ਕਥਿਤ ਤੌਰ ’ਤੇ ਪਾਕਿਸਤਾਨੀ ਲੀਡਰਸ਼ਿਪ ਨੂੰ ਭਾਰਤ ਨਾਲੋਂ ਉੱਚ ਦਰਜੇ ’ਤੇ ਪੇਸ਼ ਕਰਨ ਲਈ ਨਿਖੇਧੀ ਕੀਤੀ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇਮਰਾਨ ਖ਼ਾਨ ਦੀ ਪ੍ਰਸ਼ੰਸਾ ਕਰਨ ਅਤੇ ਉਸ ਨੂੰ ਦਿਲਾਂ ਦਾ ਰਾਜਾ ਆਖੇ ਜਾਣ ਲਈ ਸਿੱਧੂ ਦੀ ਆਲੋਚਨਾ ਕੀਤੀ। ਕਾਬਿਲੇਗੌਰ ਹੈ ਕਿ ਸਿੱਧੂ ਨੇ ਕਿਹਾ ਸੀ, ‘‘ਸਿਕੰਦਰ ਨੇ ਡਰ ਨਾਲ ਦੁਨੀਆਂ ਨੂੰ ਜਿੱਤਿਆ ਅਤੇ ਤੁਸੀਂ ਪੂਰੀ ਦੁਨੀਆਂ ਦਾ ਦਿਲ ਜਿੱਤ ਲਿਆ ਹੈ।’’ ਪਾਤਰਾ ਨੇ ਦੋਸ਼ ਲਾਇਆ ਕਿ ਅਜਿਹੀ ਟਿੱਪਣੀ ਕਰ ਕੇ ਸਿੱਧੂ ਨੇ ਪਾਕਿਸਤਾਨ ਅਤੇ ਇਮਰਾਨ ਨੂੰ ਭਾਰਤ ਨਾਲੋਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣੇ ਆਪ ਨੂੰ 14 ਕਰੋੜ ਸਿੱਖਾਂ ਦਾ ਪ੍ਰਤੀਨਿਧ ਦੱਸਿਆ। ਉਨ੍ਹਾਂ ਸਵਾਲ ਕੀਤਾ ਕਿ ,‘‘ਉਸ ਨੂੰ ਉਥੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਭਾਰਤ ਤੋਂ ਜਾਣ ਵਾਲੇ ਅਧਿਕਾਰਤ ਜਥੇ ਦਾ ਉਹ ਹਿੱਸਾ ਨਹੀਂ ਸੀ। ਉਸ ਨੂੰ ਕਿਸ ਨੇ ਇਹ ਹੱਕ ਦਿੱਤਾ।’’