ਵਿਕਟੋਰੀਆ- ਵਿਸ਼ਵ-ਵਿਆਪੀ ਮਹਾਮਾਰੀ ਕੋਵਿਡ-19 ਦੌਰਾਨ ਜਿਨ੍ਹਾਂ ਕਿਰਾਏਦਾਰਾਂ ਦੀ ਆਮਦਨੀ ਘਟ ਗਈ ਹੈ, ਉਹ ਹੁਣ ਸੂਬਾ ਸਰਕਾਰ ਦੀ ਨਵੀਂ ਆਰਜ਼ੀ ਕਿਰਾਇਆ ਪੂਰਕ-ਰਾਸ਼ੀ (ਟੈਂਪਰੇਰੀ ਰੈਂਟਲ ਸਪਲੀਮੈਂਟ) ਲਈ ਅਰਜ਼ੀ ਦੇ ਸਕਦੇ ਹਨ।
“ਇਹ ਸੰਕਟ ਪੂਰੇ ਬੀ ਸੀ ਵਿੱਚ ਲੋਕਾਂ ‘ਤੇ ਬੋਝ ਪਾ ਰਿਹਾ ਹੈ। ਅਸੀਂ ਕਿਰਾਏਦਾਰਾਂ ਦੀ ਬੇਦਖ਼ਲੀ ‘ਤੇ ਰੋਕ ਲਾ ਕੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੀ ਇਸ ਵਿੱਚੋਂ ਗੁਜ਼ਰਨ ਵਿੱਚ ਮਦਦ ਕਰ ਰਹੇ ਹਾਂ, ਤਾਂ ਕਿ ਕਿਰਾਏਦਾਰ ਆਪਣੇ ਘਰਾਂ ਤੋਂ ਵਾਂਝੇ ਨਾ ਹੋ ਜਾਣ। ਇਸ ਨਵੇਂ ਆਰਜ਼ੀ ਰੈਂਟਲ ਸਪਲੀਮੈਂਟ ਨਾਲ ਅਸੀਂ ਕਿਰਾਇਆ ਅਦਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਾਂ-ਜ਼ਿਆਦਾਤਰ ਘਰ-ਪ੍ਰਵਾਰਾਂ ਲਈ ਮਹੀਨਾ-ਦਰ-ਮਹੀਨਾ ਹੋਣ ਵਾਲੇ ਇਸ ਸਭ ਤੋਂ ਵੱਡੇ ਖ਼ਰਚੇ ਵਿੱਚ ਇਸ ਨਾਲ ਸਿੱਧੀ ਰਾਹਤ ਪ੍ਰਦਾਨ ਹੋਵੇਗੀ,” ਸੈਲੀਨਾ ਰੌਬਿਨਸਨ, ਮਿਉਨਿਸਿਪਲ ਮਾਮਲੇ ਅਤੇ ਰਿਹਾਇਸ਼ ਦੀ ਮੰਤਰੀ ਨੇ ਕਿਹਾ, “ਹੋਰ ਦੂਸਰੇ ਸੂਬਾਈ ਅਤੇ ਫ਼ੈਡਰਲ ਪ੍ਰੋਗਰਾਮਾਂ ਨਾਲ ਮਿਲ ਕੇ, ਰੈਂਟਲ ਸਪਲੀਮੈਂਟ ਨਾਲ ਲੋਕਾਂ ਨੂੰ ਉਹ ਆਰਥਕ ਸਹਾਇਤਾ ਮਿਲ ਸਕੇਗੀ ਜਿਸ ਦੀ ਉਨ੍ਹਾਂ ਨੂੰ ਹੁਣ ਫ਼ੌਰਨ ਜ਼ਰੂਰਤ ਹੈ।”
ਇਹ ਪ੍ਰੋਗਰਾਮ ਨਿਰਭਰ ਵਿਅਕਤੀਆਂ ਤੋਂ ਬਿਨਾਂ ਵਾਲੇ ਯੋਗ ਘਰ-ਪ੍ਰਵਾਰਾਂ ਨੂੰ 300 ਡਾਲਰ ਪ੍ਰਤੀ ਮਹੀਨਾ ਅਤੇ ਨਿਰਭਰ ਵਿਅਕਤੀਆਂ ਵਾਲੇ ਯੋਗ ਘਰ-ਪ੍ਰਵਾਰਾਂ ਨੂੰ 500 ਡਾਲਰ ਪ੍ਰਤੀ ਮਹੀਨਾ ਪ੍ਰਦਾਨ ਕਰੇਗਾ। ਸਾਂਝੇ ਕਮਰਿਆਂ ਵਿੱਚ ਰਹਿਣ ਵਾਲੇ ਯੋਗ ਵਿਅਕਤੀਆਂ ਵਿੱਚੋਂ ਹਰ ਇੱਕ ਇਸ ਨਵੇਂ ਸਪਲੀਮੈਂਟ ਲਈ ਅਰਜ਼ੀ ਦੇ ਸਕੇਗਾ।
ਇਹ ਰੈਂਟਲ ਸਪਲੀਮੈਂਟ ਪ੍ਰਤੀ ਘਰ-ਪ੍ਰਵਾਰ ਦੇ ਅਧਾਰ ‘ਤੇ ਉਨ੍ਹਾਂ ਲਈ ਉਪਲਬਧ ਹੈ, ਜੋ ਹੇਠ ਦਿੱਤੇ ਮਾਪਦੰਡ ਪੂਰੇ ਕਰਦੇ ਹਨ:
• ਜੋ ਐਂਪਲੌਇਮੈਂਟ ਇੰਸ਼ੋਰੈਂਸ, ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫ਼ਿਟ ਪ੍ਰਾਪਤ ਕਰ ਰਹੇ ਹਨ ਜਾਂ ਪ੍ਰਾਪਤ ਕਰਨ ਦੇ ਯੋਗ ਹਨ ਜਾਂ ਕੋਵਿਡ-19 ਦੇ ਨਤੀਜੇ ਵੱਜੋਂ ਮਾਸਿਕ ਰੁਜ਼ਗਾਰ ਆਮਦਨੀ ਵਿੱਚ 25% ਦੀ ਕਮੀ ਦਾ ਸਾਹਮਣਾ ਕਰ ਰਹੇ ਹਨ;
• ਨਿਰਭਰ ਵਿਅਕਤੀਆਂ ਤੋਂ ਬਿਨਾਂ ਵਾਲੇ ਜਿਨ੍ਹਾਂ ਘਰ-ਪ੍ਰਵਾਰਾਂ ਦੀ ਪ੍ਰਵਾਰਕ ਆਮਦਨੀ 74,150 ਡਾਲਰ ਤੋਂ ਅਤੇ ਨਿਰਭਰ ਵਿਅਕਤੀਆਂ ਵਾਲੇ ਜਿਨ੍ਹਾਂ ਘਰ-ਪ੍ਰਵਾਰਾਂ ਦੀ ਪ੍ਰਵਾਰਕ ਆਮਦਨੀ 113,040 ਡਾਲਰ ਤੋਂ ਘੱਟ ਹੈ;
• ਜੋ ਮੌਜੂਦਾ/ਘਟੀ ਹੋਈ ਕੁੱਲ (ਗਰੌਸ) ਮਾਸਿਕ ਆਮਦਨੀ ਦਾ 30% ਤੋਂ ਵੱਧ ਕਿਰਾਏ ‘ਤੇ ਖ਼ਰਚ ਕਰ ਰਹੇ ਹਨ ਅਤੇ
• ਜੋ ਕਿਸੇ ਵੀ ਸਰਕਾਰੀ ਪੱਧਰ ਤੋਂ ਕਿਰਾਏ ਵਿੱਚ ਕੋਈ ਹੋਰ ਮਾਲੀ ਮਦਦ (ਰੈਂਟ ਸਬਸਿਡੀ) ਪ੍ਰਾਪਤ ਨਹੀਂ ਕਰ ਰਹੇ, ਜਿਸ ਵਿੱਚ ਸਸਤੀ ਰਿਹਾਇਸ਼ (ਸਬਸਿਡਾਈਜ਼ਡ ਹਾਊਸਿੰਗ) ਜਾਂ ਰੈਂਟਲ ਸਪਲੀਮੈਂਟ ਸ਼ਾਮਲ ਹਨ, ਜਿਵੇਂ ਕਿ ਬਜ਼ੁਰਗ਼ ਕਿਰਾਏਦਾਰਾਂ ਲਈ ਸ਼ੈਲਟਰ ਏਡ (SAFER) ਜਾਂ ਕਿਰਾਇਆ ਸਹਾਇਤਾ ਪ੍ਰੋਗਰਾਮ (RAP)।
ਇਹ ਸਪਲੀਮੈਂਟ ਅਪ੍ਰੈਲ, ਮਈ ਅਤੇ ਜੂਨ ਲਈ ਉਪਲਬਧ ਹੋਵੇਗਾ। ਜੋ ਕਿਰਾਏਦਾਰ ਇਸ ਪ੍ਰੋਗਰਾਮ ਦੇ ਯੋਗ ਹਨ ਅਤੇ ਆਪਣਾ ਅਪ੍ਰੈਲ ਦਾ ਕਿਰਾਇਆ ਪਹਿਲਾਂ ਹੀ ਅਦਾ ਕਰ ਚੁੱਕੇ ਹਨ, ਉਹ ਵੀ ਇਸ ਮਹੀਨੇ ਲਈ ਇਹ ਰੈਂਟਲ ਸਪਲੀਮੈਂਟ ਪ੍ਰਾਪਤ ਕਰ ਸਕਣਗੇ।
ਕਿਰਾਏਦਾਰਾਂ ਦੀ ਕਿਰਾਏ ਦੀ ਦੇਣਦਾਰੀ ਘਟਾਉਣ ਲਈ ਇਹ ਸਪਲੀਮੈਂਟ ਮਕਾਨ ਮਾਲਕਾਂ ਨੂੰ ਸਿੱਧਾ ਅਦਾ ਕੀਤਾ ਜਾਏਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਕਾਨ ਮਾਲਕਾਂ ਨੂੰ ਕਿਰਾਏ ਰਾਹੀਂ ਤੁਰੰਤ ਕੁਝ ਆਮਦਨੀ ਮਿਲਦੀ ਰਹੇ। ਇਕ ਵਾਰ ਜਦੋਂ ਕੋਈ ਅਰਜ਼ੀ ਮੁਕੰਮਲ ਹੋ ਕੇ ਕਾਰਵਾਈ ਵਿੱਚੋਂ ਲੰਘ ਜਾਂਦੀ ਹੈ, ਤਾਂ ਤਕਰੀਬਨ ਸੱਤ ਦਿਨਾਂ ਦੇ ਅੰਦਰ ਰਕਮ ਸਿੱਧੀ ਬੈਂਕ ਵਿੱਚ ਜਮ੍ਹਾਂ ਕਰਾ ਦਿੱਤੀ ਜਾਵੇਗੀ। ਬੀ ਸੀ ਹਾਊਸਿੰਗ ਨੇ ਕਰਮਚਾਰੀਆਂ ਨੂੰ ਦੁਬਾਰਾ ਨਿਯੁਕਤ ਕੀਤਾ ਹੈ ਅਤੇ ਹੋਰ ਸਟਾਫ਼ ਲਿਆਂਦਾ ਹੈ, ਤਾਂ ਕਿ ਅਰਜ਼ੀਆਂ ‘ਤੇ ਜਿੰਨਾ ਛੇਤੀ ਸੰਭਵ ਹੋ ਸਕੇ, ਕਾਰਵਾਈ ਕੀਤੀ ਜਾ ਸਕੇ।
ਇਹ ਰੈਂਟਲ ਸਪਲੀਮੈਂਟ ਫ਼ੈਡਰਲ ਸਰਕਾਰ ਤੋਂ ਉਪਲਬਧ ਮਾਲੀ ਮਦਦ ਅਤੇ ਕਾਮਿਆਂ ਲਈ 1000 ਡਾਲਰ ਦੇ ਬੀ ਸੀ ਐਮਰਜੈਂਸੀ ਬੈਨੀਫ਼ਿਟ ਤੋਂ ਇਲਾਵਾ ਹੈ। ਇਹ ਲੋਕਾਂ ਅਤੇ ਕਾਰੋਬਾਰਾਂ ਨੂੰ ਆਮਦਨੀ ਵਿੱਚ ਸਹਾਇਤਾ, ਟੈਕਸਾਂ ਵਿੱਚ ਰਾਹਤ ਅਤੇ ਸਿੱਧੀ ਮਾਲੀ ਮਦਦ ਦੇਣ ਅਤੇ ਉਹ ਸੇਵਾਵਾਂ ਜਿਨ੍ਹਾਂ ‘ਤੇ ਲੋਕ ਨਿਰਭਰ ਕਰਦੇ ਹਨ, ਦੀ ਸਹਾਇਤਾ ਕਰਨ ਦੀ ਸੂਬਾ ਸਰਕਾਰ ਦੀ ੫ ਬਿਲੀਅਨ ਡਾਲਰ ਦੀ ਕੋਵਿਡ-੧੯ ਕਾਰਜ-ਯੋਜਨਾ ਦਾ ਹਿੱਸਾ ਹੈ।
ਸੂਬਾ ਸਰਕਾਰ ਨੇ ਇਸ ਆਪਾਤ ਸਥਿਤੀ ਦੌਰਾਨ, ਮੌਜੂਦਾ ਕਿਰਾਏਦਾਰਾਂ ਤੋਂ ਮਕਾਨ ਖ਼ਾਲੀ ਕਰਾਏ ਜਾਣ ‘ਤੇ ਰੋਕ ਲਾ ਦਿੱਤੀ ਹੈ ਅਤੇ ਉਨ੍ਹਾਂ ਦੇ ਕਿਰਾਏ ਵਧਾਉਣ ‘ਤੇ ਪਾਬੰਦੀ ਲਾ ਦਿੱਤੀ ਹੈ, ਮਕਾਨ ਮਾਲਕਾਂ ਨੂੰ ਕੋਵਿਡ-19 ਦੇ ਸੰਚਾਰਣ ਤੋਂ ਬਚਾਉ ਲਈ ਸਾਂਝੀਆਂ ਥਾਂਵਾਂ ਦੀ ਵਰਤੋਂ ਰੋਕਣ ਦੀ ਆਗਿਆ ਦਿੱਤੀ ਹੈ, ਅਤੇ ਕਿਰਾਏਦਾਰਾਂ ਨੂੰ ਇਹ ਤੈਅ ਕਰਨ ਦਾ ਅਧਿਕਾਰ ਦਿੱਤਾ ਹੈ ਕਿ ਆਪਾਤ ਸਥਿਤੀਆਂ ਤੋਂ ਇਲਾਵਾ, ਕੌਣ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਸਕਦਾ ਹੈ।
ਹੋਰ ਜਾਣੋ:
ਟੈਂਪਰੇਰੀ ਰੈਂਟਲ ਸਪਲੀਮੈਂਟ, ਜਿਸ ਵਿੱਚ ਯੋਗਤਾ ਦੇ ਮਾਪਦੰਡ ਵੀ ਸ਼ਾਮਲ ਹਨ, ਬਾਰੇ ਜਾਣਕਾਰੀ ਲਈ http://bchousing.org/bctrs’ਤੇ ਜਾਉ
ਜਾਂ 1 877 757-2577 ‘ਤੇ ਕਾਲ ਕਰੋ
ਧਿਆਨ ਰਹੇ ਕਿ ਔਨਲਾਈਨ ਅਰਜ਼ੀ ਦਾ ਫ਼ਾਰਮ ਅੰਗ੍ਰੇਜ਼ੀ ਵਿੱਚ ਹੈ।
ਬਿਲਕੁਲ ਤਾਜ਼ਾ ਡਾਕਟਰੀ ਸੂਚਨਾਵਾਂ, ਜਿਨ੍ਹਾਂ ਵਿੱਚ ਮਾਮਲਿਆਂ ਦੀ ਗਿਣਤੀ, ਰੋਕਥਾਮ, ਖ਼ਤਰੇ ਅਤੇ ਟੈੱਸਟ ਕਰਾਉਣ ਬਾਰੇ ਜਾਣਕਾਰੀ ਸ਼ਾਮਲ ਹੈ, ਲਈ http://www.bccdc.ca/ ‘ਤੇ ਜਾਉ
ਜਾਂ @CDCofBC ਰਾਹੀਂ ਟਵਿੱਟਰ ‘ਤੇ ਸੰਪਰਕ ਵਿੱਚ ਰਹੋ
ਸੂਬਾਈ ਸਿਹਤ ਅਫ਼ਸਰ ਦੇ ਨਿਰਦੇਸ਼ਾਂ, ਸੂਚਨਾਵਾਂ ਅਤੇ ਹਿਦਾਇਤ ਲਈ www.gov.bc.ca/phoguidance ‘ਤੇ ਜਾਉ
ਗ਼ੈਰ-ਸਿਹਤ ਸਬੰਧਤ ਜਾਣਕਾਰੀ ਲਈ, ਜਿਸ ਵਿੱਚ ਮਾਲੀ, ਬਾਲ-ਸੰਭਾਲ ਅਤੇ ਸਿੱਖਿਆ ਸਹਾਇਤਾ, ਯਾਤਰਾ, ਢੋਆ-ਢੁਆਈ ਅਤੇ ਜ਼ਰੂਰੀ ਸੇਵਾਵਾਂ ਨਾਲ ਜੁੜੀ ਜਾਣਕਾਰੀ ਸ਼ਾਮਲ ਹੈ, www.gov.bc.ca/Covid-19 ‘ਤੇ ਜਾਉ ਜਾਂ 1 888 COVID19 (1 888 268-4319)’ਤੇ ਹਫ਼ਤੇ ਦੇ ਸੱਤੇ ਦਿਨ, ਸਵੇਰੇ 7:30 ਵਜੇ ਤੋਂ ਰਾਤ 8 ਵਜੇ ਦਰਮਿਆਨ, ਕਾਲ ਕਰੋ।
ਸੰਪਰਕ:
ਨੋਟ: ਟੈਂਪਰੇਰੀ ਰੈਂਟਲ ਸਪਲੀਮੈਂਟ ਬਾਰੇ ਜਨਤਕ ਜਾਣਕਾਰੀ,
ਜਿਸ ਵਿੱਚ ਯੋਗਤਾ ਦੇ ਮਾਪਦੰਡ ਵੀ ਸ਼ਾਮਲ ਹਨ,
ਬਾਰੇ ਜਾਣਕਾਰੀ ਲਈ
http://bchousing.org/bctrs ‘ਤੇ ਜਾਉ
ਜਾਂ 1 877 757-2577 ‘ਤੇ ਕਾਲ ਕਰੋ