ਬ੍ਰਿਟਿੰਸ਼ ਕੋਲੰਬੀਆ ਦੇ 16 ਪੰਜਾਬੀ ਉਮੀਦਵਾਰਾਂ ‘ਚੋਂ ਕੇਵਲ 4 ਹੀ ਜਿੱਤ ਸਕੇ

0
1957

ਸਰੀ: ਕੈਨੇਡਾ ਦੀ ੩੩੮ ਮੈਂਬਰਾਂ ਵਾਲੀ ੪੩ਵੀਂ ਸੰਸਦ ਲਈ ਹੋਈਆਂ ਚੋਣਾਂ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੁੱਲ ੧੬ ਪੰਜਾਬੀ ਉਮੀਦਵਾਰਾਂ ‘ਚੋਂ ੪ ਪੰਜਾਬੀ ਚੋਣ ਜਿੱਤਣ ਵਿਚ ਸਫਲ ਰਹੇ, ਜਿਨ੍ਹਾਂ ਵਿਚੋਂ ਇਕ ਚੌਥੀ ਵਾਰ ਅਤੇ ਤਿੰਨ ਦੂਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ।
ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਸਰੀ-ਨਿਊਟਨ ਸੰਸਦੀ ਹਲਕੇ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਆਪਣੇ ਨਿਕਟ ਵਿਰੋਧੀ ਐਨ. ਡੀ. ਪੀ. ਦੇ ਹਰਜੀਤ ਸਿੰਘ ਗਿੱਲ ਨੂੰ ਹਰਾ ਕੇ ਚੋਣ ਜਿੱਤ ਗਏ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਨੇੜਲੇ ਪਿੰਡ ਸੂਜਾਪੁਰ ਦੇ ਜੰਮਪਲ ਸੁੱਖ ਧਾਲੀਵਾਲ ਚੌਥੀ ਵਾਰ ਕੈਨੇਡਾ ਦੇ ਸੰਸਦ ਮੈਂਬਰ ਚੁਣੇ ਗਏ ਹਨ। ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਸਿੱਖ ਰੱਖਿਆ ਮੰਤਰੀ ਵਜੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਹਰਜੀਤ ਸਿੰਘ ਸੱਜਣ ਲਿਬਰਲ ਪਾਰਟੀ ਦੀ ਟਿਕਟ ‘ਤੇ ਵੈਨਕੂਵਰ ਦੱਖਣੀ ਤੋਂ ਮੁੜ ਚੋਣ ਜਿੱਤ ਗਏ। ਉਨ੍ਹਾਂ ਸਾਬਕਾ ਸੰਸਦ ਮੈਂਬਰ ਤੇ ਕੰਜ਼ਰਵੇਟਿਵ ਉਮੀਦਵਾਰ ਵੇਅ ਯੰਗ ਨੂੰ ਹਰਾਇਆ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਬੰਬੇਲੀ ਦੇ ਜੰਮਪਲ ਹਰਜੀਤ ਸਿੰਘ ਸੱਜਣ ਦੂਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਤੇ ਬਰਨਬੀ ਦੱਖਣੀ ਤੋਂ ਉਮੀਦਵਾਰ ਜਗਮੀਤ ਸਿੰਘ ਦੂਸਰੀ ਵਾਰ ਕੈਨੇਡਾ ਦੇ ਸੰਸਦ ਮੈਂਬਰ ਚੁਣੇ ਗਏ ਹਨ। ਜਗਮੀਤ ਸਿੰਘ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਡਾ: ਜਗਤਾਰਨ ਸਿੰਘ ਧਾਲੀਵਾਲ ਦੇ ਸਪੁੱਤਰ ਹਨ।
ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਨੇੜਲੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਦੀ ਟਿਕਟ ‘ਤੇ ਸਰੀ ਸੈਂਟਰ ਸੰਸਦੀ ਹਲਕੇ ਤੋਂ ਦੂਸਰੀ ਵਾਰ ਸੰਸਦ ਮੈਂਬਰ ਬਣਨ ਵਿਚ ਸਫ਼ਲ ਰਹੇ। ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਵਿਚ ਹਰਜੀਤ ਸਿੰਘ ਸੱਜਣ ਦਾ ਕੈਬਨਿਟ ਮੰਤਰੀ ਬਣਨਾ ਲਗਪਗ ਤੈਅ ਹੈ। ਬ੍ਰਿਟਿਸ਼ ਕੋਲੰਬੀਆ ‘ਚ ਚੋਣ ਹਾਰਨ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲਾ ਦੇ ਜਤੀ ਸਿੱਧੂ ਲਿਬਰਲ, ਪਾਇਲ ਨੇੜਲੇ ਪਿੰਡ ਮਕਸੂਦੜਾ ਦੇ ਹਰਜੀਤ ਸਿੰਘ ਗਿੱਲ ਐਨ. ਡੀ. ਪੀ., ਅੰਮ੍ਰਿਤਸਰ ਦੇ ਹਰਪ੍ਰੀਤ ਸਿੰਘ ਕੰਜ਼ਰਵੇਟਿਵ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰਾ ਦੀ ਨੀਲਮ ਬਰਾੜ ਲਿਬਰਲ, ਜ਼ੀਰਾ ਨੇੜਲੇ ਪਿੰਡ ਜੌੜਾ ਦੀ ਹਰਵਿੰਦਰ ਕੌਰ ਸੰਧੂ ਐਨ. ਡੀ. ਪੀ., ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਦੀ ਟੀਨਾ ਬੈਂਸ ਕੰਜ਼ਰਵੇਟਿਵ, ਜਲੰਧਰ ਸ਼ਹਿਰ ਦੇ ਦੇਵ ਵਿਰਦੀ ਲਿਬਰਲ, ਨਕੋਦਰ ਨੇੜਲੇ ਪਿੰਡ ਸ਼ੰਕਰ ਦੇ ਡਾ: ਸ਼ਿੰਦਰ ਪੁਰੇਵਾਲ ਕੰਜ਼ਰਵੇਟਿਵ, ਮੁਹਾਲੀ ਪ੍ਰੈੱਸ ਕਲੱਬ ਦੇ ਸਾਬਕਾ ਸਲਾਹਕਾਰ ਡਾ: ਜਸਵਿੰਦਰ ਦਿਲਾਵਰੀ ਤੇ ਕੈਨੇਡੀਅਨ ਜੰਮਪਲ ਸੁਰਜੀਤ ਸਿੰਘ ਸਰਾਂ ਤੇ ਸਬੀਨਾ ਸਿੰਘ ਐਨ. ਡੀ. ਪੀ. ਅਤੇ ਇਕੋ-ਇਕ ਆਜ਼ਾਦ ਉਮੀਦਵਾਰ ਐਡਵੋਕੇਟ ਅੰਮ੍ਰਿਤ ਬੈਂਸ ਸ਼ਾਮਿਲ ਹਨ।