ਕੇਜਰੀਵਾਲ ਉਤੇ ਅਪਣੇ ਹੀ ਮੁੱਖ ਸਕੱਤਰ ਨਾਲ ਧੱਕਾ ਮੁੱਕੀ ਕਰਨ ਦੇ ਇਲਜ਼ਾਮ ਹੇਠ ਦੋਸ਼ ਤੈਅ

0
1659

ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਕਥਿਤ ਤੌਰ ‘ਤੇ ਕੁੱਟਮਾਰ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋਸ਼-ਪੱਤਰ ਦਾਖ਼ਲ ਕਰ ਦਿਤਾ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਦਾਖ਼ਲ ਚਾਰਜਸ਼ੀਟ ਵਿਚ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਜਿਨ੍ਹਾਂ ਵਿਚ ਅਮਾਨਤੁਲਾ ਖ਼ਾਨ, ਪ੍ਰਕਾਸ਼ ਜਰਵਾਲ, ਨਿਤਿਨ ਤਿਆਗੀ, ਰਿਤੂਰਾਜ ਗੋਵਿੰਦ, ਸੰਜੀਵ ਝਾਅ, ਅਜੇ ਦੱਤ, ਰਾਜੇਸ਼ ਰਿਸ਼ੀ, ਰਾਜੇਸ਼ ਗੁਪਤਾ, ਮਦਨ ਲਾਲ, ਪ੍ਰਵੀਨ ਕੁਮਾਰ ਅਤੇ ਦਿਨੇਸ਼ ਮੋਹਨੀਆ ਸ਼ਾਮਲ ਹਨ।
ਅਦਾਲਤ ਹੁਣ 25 ਅਗੱਸਤ ਨੂੰ ਇਸ ਮਾਮਲੇ ‘ਤੇ ਸੁਣਵਾਈ ਕਰੇਗੀ। ਸੂਤਰਾਂ ਮੁਤਾਬਕ 19 ਫ਼ਰਵਰੀ ਦੀ ਰਾਤ ਮੁੱਖ ਮੰਤਰੀ ਦੇ ਘਰ ਮੁੱਖ ਸਕੱਤਰ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਕਈ ਜਣਿਆਂ ਦੇ ਬਿਆਨ ਅਤੇ ਸਬੂਤਾਂ ਦੇ ਆਧਾਰ ‘ਤੇ ਚਾਰਜਸ਼ੀਟ ਤਿਆਰ ਕੀਤੀ ਹੈ। ਇਹ ਘਟਨਾ 19 ਫ਼ਰਵਰੀ 2018 ਦੀ ਹੈ ਜਦ ਕੇਜਰੀਵਾਲ ਦੇ ਘਰ ਰਾਸ਼ਨ ਕਾਰਡ ਅਤੇ ਹੋਰ ਮੁੱਦਿਆਂ ਬਾਰੇ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਸਕੱਤਰ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਸੀ।