ਕੈਨੇਡਾ ‘ਚ ਕੁਰਸੀਆਂ ਉੱਪਰ ਬੈਠ ਕੇ ਅਨੰਦ ਕਾਰਜ ਕਰਵਾਉਣ ਵਾਲੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਏ

0
1272

ਟੋਰਾਂਟੋ: ਕੈਨੇਡਾ ‘ਚ ਟੋਰਾਂਟੋ ਨਜ਼ਦੀਕ ਓਕਵਿੱਲ ਸ਼ਹਿਰ ‘ਚ ਸਥਿਤ ਗੁਰਦੁਆਰਾ ਸਾਹਿਬ ਅੰਦਰ ੪ ਜੁਲਾਈ ਦੇ ਦਿਨ ਲਾੜਾ ਅਤੇ ਲਾੜੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ‘ਚ ਅਰਾਮਦਾਇਕ ਕੁਰਸੀਆਂ ਉਪਰ ਬਿਠਾ ਕੇ ਆਨੰਦ ਕਾਰਜ ਦੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਦੇ (ਬੇਅਦਬੀ) ਮਾਮਲੇ ‘ਚ ਸ੍ਰੀ ਅਕਾਲ ਤਖਤ ਵਲੋਂ ਵੀ ਗੰਭੀਰ ਨੋਟਿਸ ਲਿਆ ਜਾ ਚੁੱਕਾ ਹੈ।
ਇਸ ਨੂੰ ਸਮਾਗਮ ਦੀ ਅਗਵਾਈ ਪੰਜ ਪਿਆਰਿਆਂ ਨੂੰ ਸੌਂਪੀ ਗਈ ਸੀ, ਜਿਸ ‘ਚ ਉਂਟਾਰੀਓ ਗੁਰਦੁਆਰਾ ਕਮੇਟੀ (ਓ.ਜੀ.ਸੀ) ਅਤੇ ਉਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓ. ਐਸ. ਜੀ. ਸੀ.) ਦੇ ਨੁਮਾਇੰਦੇ ਸ਼ਾਮਿਲ ਹੋਏ। ਉਪਰੰਤ ਓ.ਜੀ.ਸੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਦੱਸਿਆ ਕਿ ਪੰਜ ਪਿਆਰਿਆਂ ਸਨਮੁੱਖ ਸਾਰੀਆਂ ਦੋਸ਼ੀ ਧਿਰਾਂ ਜਿਨ੍ਹਾਂ ‘ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ, ਗਰੰਥੀ ਅਤੇ ਕੀਰਤਨੀ ਜਥਾ ਸ਼ਾਮਿਲ ਹਨ, ਪੇਸ਼ ਹੋਏ ਅਤੇ ਆਪਣੀ ਬੱਜਰ ਕੁਤਾਹੀ ਨੂੰ ਸਵਿਕਾਰ
ਕੀਤਾ।
ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸੱਤ ਜੁਲਾਈ ੨੦੧੯ ਨੂੰ ਲਿਖੀ ਗਈ ਚਿੱਠੀ ਵੀ ਪ੍ਰਬੰਧਕਾਂ ਨੂੰ ਮਿਲ ਗਈ ਹੈ ਜਿਸ ‘ਚ ਗੁਰ ਮਰਿਆਦਾ ਦੀ ਘੋਰ ਉਲੰਘਣਾ ਕਰਨ ਬਾਰੇ ਉਨ੍ਹਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ੧੦ ਦਿਨਾਂ ਦੀ ਮੋਹਲਤ ਦਿੱਤੀ ਹੈ। ਚਿੱਠੀ ‘ਚ ਚੇਅਰਮੈਨ ਜਸਵੰਤ ਸਿੰਘ, ਪ੍ਰਧਾਨ ਬਲਬੀਰ ਸਿੰਘ, ਜਨਰਲ ਸਕੱਤਰ ਅਮਰੀਕ ਸਿੰਘ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ, ਗਰੰਥੀ ਭਾਈ ਜੋਰਾ ਸਿੰਘ, ਰਾਗੀ ਭਾਈ ਅਵਤਾਰ ਸਿੰਘ (ਲੁਧਿਆਣਾ) ਦੇ ਨਾਂਅ ਦਰਜ ਹਨ। ਇਸ ਚਿੱਠੀ ਦੀ ਰੋਸ਼ਨੀ ‘ਚ ਪੰਜ ਪਿਆਰਿਆਂ ਨੇ ਦੋਸ਼ੀਆਂ ਨੂੰ ਮੌਕੇ ‘ਤੇ ਤਨਖਾਹ ਨਹੀਂ ਲਗਾਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਮੰਨਿਆ ਜਾਵੇਗਾ।
ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਵਿਕਾਰ ਕਰਨਗੇ।