ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਹੋਵੇਗੀ ਸ਼ੁਰੂ

0
1253

ਦਿੱਲੀ: ਪੰਜਾਬੀਆਂ ਦੀ ਮਨਭਾਉਂਦੀ ਅਤੇ ਪਸੰਦੀਦਾ ਥਾਂ ਕੈਨੇਡਾ ਤੱਕ ਸਿੱਧਾ ਸਫ਼ਰ ਯਕੀਨੀ ਬਣਾਉਣ ਲਈ ਏਅਰ ਇੰਡੀਆ ਵਲੋਂ ਸਤੰਬਰ ੨੦੧੯ ਤੋਂ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਸ਼ੁਰੂ ਕੀਤੀ ਜਾਵੇਗੀ। ੨੭ ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ‘ਤੇ ਸ਼ੁਰੂ ਹੋਣ ਵਾਲੀ ਇਹ ਸਿੱਧੀ ਉਡਾਣ ਹਫਤੇ ‘ਚ ਤਿੰਨ ਦਿਨ ਦਿੱਲੀ ਤੋਂ ਟੋਰਾਂਟੋ ਜਾਵੇਗੀ। ਦਿੱਲੀ ਤੋਂ ਟੋਰਾਂਟੋ ਤੱਕ ਦੀ ਦੂਰੀ ੧੫ ਘੰਟੇ ੧੫ ਮਿੰਟ ‘ਚ ਇਕਾਨਮੀ ਕਲਾਸ ਦੀ ਇਕ ਪਾਸੇ ਦੀ ਟਿਕਟ ੫੦,੮੯੦ ਰੁਪਏ ਅਤੇ ਦੋਹਾਂ ਪਾਸਿਆਂ (ਦਿੱਲੀ-ਟੋਰਾਂਟੋ ਅਤੇ ਟੋਰਾਂਟੋ-ਦਿੱਲੀ) ਦੀ ਟਿਕਟ ਤਕਰੀਬਨ ੯੩ ਹਜ਼ਾਰ ਰੁਪਏ ਦੀ ਹਾਸਲ
ਹੋਵੇਗੀ।
ਏਅਰ ਇੰਡੀਆ ਦੇ ਸੀ.ਐਮ.ਡੀ. ਅਸ਼ਵਨੀ ਲੋਹਾਨੀ ਨੇ ਉਡਾਣ ਬਾਰੇ ਤਫ਼ਸੀਲ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਖਾਸ ਤੌਰ ‘ਤੇ ਦੁਆਬਾ ਖਿੱਤੇ ਦੇ ਲੋਕਾਂ ਲਈ ਏਅਰ ਇੰਡੀਆ ਵਲੋਂ ਵਿਸ਼ੇਸ਼ ਘਰੇਲੂ ਉਡਾਣਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਨਾਲ ਮੁਸਾਫਰਾਂ ਨੂੰ ਹਵਾਈ ਅੱਡੇ ‘ਤੇ ਉਡੀਕ ਕਾਰਨ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਜੁਲਾਈ ੨੦੧੮ ਦੇ ਪੰਜਾਬ ਦੇ ਅੰਕੜਿਆਂ ਮੁਤਾਬਿਕ ਸੂਬੇ ‘ਚੋਂ ਤਕਰੀਬਨ ਡੇਢ ਲੱਖ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਗਏ ਸਨ। ਜਿਨ੍ਹਾਂ ‘ਚੋਂ ਸਵਾ ਲੱਖ ਵਿਦਿਆਰਥੀਆਂ ਨੇ ਕੈਨੇਡਾ ਨੂੰ ਜਾਣ ਦੀ ਚੋਣ ਕੀਤੀ। ਪੰਜਾਬੀਆਂ ਵਲੋਂ ਕੈਨੇਡਾ ਦੀ ਚੋਣ ਪਿੱਛੇ ਉਥੇ (ਕੈਨੇਡਾ) ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਖੋਲ੍ਹੇ ੨੦੦ ਕਾਲਜ ਅਤੇ ਸਥਾਈ ਨਾਗਰਿਕਤਾ (ਪੀ.ਆਰ.) ਦਾ ਸੁਖਾਲਾ ਅਮਲ ਹੈ। ਇਨ੍ਹਾਂ ਅੰਕੜਿਆਂ ਨੂੰ ਧਿਆਨ ‘ਚ ਰੱਖਦਿਆਂ ਏਅਰ ਇੰਡੀਆ ਨੇ ਰੋਜ਼ਾਨਾ ਆਧਾਰ ‘ਤੇ ਦਿੱਲੀ ਤੋਂ ਟੋਰਾਂਟੋ ੫੯੦ ਮੁਸਾਫਰਾਂ ਦੇ ਜਾਣ ਦਾ ਅਨੁਮਾਨ ਲਗਾਇਆ ਹੈ। ਸਮੇਂ ਦੇ ਨਾਲ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਵੇਖਦਿਆਂ ਉਡਾਣਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ। ਅੰਮ੍ਰਿਤਸਰ ਨਾਲ ਉਨ੍ਹਾਂ ਉਡਾਣਾਂ ਨੂੰ ਜੋੜਨ ਲਈ ਏਅਰ ਇੰਡੀਆ ਵਲੋਂ ਸ਼ਾਮ ਦੀਆਂ ਦੋ ਉਡਾਣਾਂ ਦਾ ਵਿਕਲਪ ਦਿੱਤਾ ਜਾ ਰਿਹਾ
ਹੈ।
ਰੋਜ਼ ਚੱਲਣ ਵਾਲੀਆਂ ਇਹ ਉਡਾਣਾਂ ਤਕਰੀਬਨ ਇਕ ਘੰਟੇ ‘ਚ ਦਿੱਲੀ ਪਹੁੰਚਣਗੀਆਂ। ਤੜਕੇ ਤਿੰਨ ਵਜੇ ਟੋਰਾਂਟੋ ਲਈ ਦਿੱਲੀ ਤੋਂ ਰਵਾਨਾ ਹੋਣ ਵਾਲੀ ਫਲਾਈਟ ਫੜਣ ਲਈ ਅੰਮ੍ਰਿਤਸਰ ਵਾਲੀ ਉਡਾਣ ਰਾਤ ੧੧.੪੦ ਵਜੇ ਦਿੱਲੀ ਹਵਾਈ ਅੱਡੇ ‘ਤੇ ਪੁੱਜੇਗੀ, ਜਿਸ ਕਾਰਨ ਹਵਾਈ ਅੱਡੇ ‘ਤੇ ਸਿਰਫ ੩ ਘੰਟੇ ਹੀ ਬਿਤਾਉਣੇ ਹੋਣਗੇ ਜਿਸ ‘ਚੋਂ ਕੁਝ ਸਮਾਂ ਅੰਤਰਰਾਸ਼ਟਰੀ ਮਾਨਕਾਂ ਮੁਤਾਬਿਕ ਕਿਸੇ ਸੁਰੱਖਿਆ ਅਤੇ ਇਮੀਗ੍ਰੇਸ਼ਨ ਦੇ ਅਮਲ ‘ਚ ਨਿਕਲੇਗਾ।