ਅਮਰੀਕਾ ‘ਚ ਸਿੱਖ ਟੈਕਸੀ ਡਰਾਈਵਰ ‘ਤੇ ਹਮਲਾ

0
1662

ਨਿਊਯਾਰਕਯ ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਸ ਨੂੰ ਸਿਰ ‘ਚ ਸੀਖ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।
ਰਿਪੋਰਟਾਂ ਮੁਤਾਬਕ ਇਹ ਘਟਨਾ ਉਸ ਦੇ ਘਰ ਬਾਹਰ ਵਾਪਰੀ। ਪਿਛਲੇ ੧੫ ਦਿਨਾਂ ਦੇ ਅੰਦਰ ਕੁੱਟਮਾਰ ਦੀ ਇਹ ਦੂਜੀ ਵਾਰਦਾਤ ਹੈ।
ਊਬਰ ਡਰਾਈਵਰ ਅਤੇ ਡਾਕ ਲੈ ਕੇ ਜਾਣ ਦਾ ਕੰਮ ਕਰਦੇ ਬਲਜੀਤ ਸਿੰਘ ਸਿੱਧੂ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਡਿਊਟੀ ਖ਼ਤਮ ਕਰਨ ਮਗਰੋਂ ਇਕ ਮਾਲ ਨੇੜੇ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ।
ਰਿਪੋਰਟ ਮੁਤਾਬਕ ਕਾਰ ਖੜ੍ਹੀ ਕਰਨ ਸਮੇਂ ਇਕ ਵਿਅਕਤੀ ਉਸ ਕੋਲ ਆਇਆ ਅਤੇ ਲਾਈਟਰ ਮੰਗਣ ਲੱਗ ਪਿਆ। ਸਿੱਧੂ ਨੇ ਉਸ ਨੂੰ ਜਵਾਬ ਦੇ ਦਿੱਤਾ ਤਾਂ ਉਹ ਉਥੋਂ ਚਲਾ ਗਿਆ ਪਰ ਫਿਰ ਪਰਤ ਆਇਆ ਅਤੇ ਕਾਰ ‘ਚ ਛੱਡਣ ਲਈ ਕਿਹਾ।
ਵਿਅਕਤੀ ਨੇ ਆਖਿਆ ਕਿ ਉਸ ਕੋਲ ੫ ਡਾਲਰ ਹਨ ਪਰ ਉਹ ਸ਼ੱਕੀ ਜਾਪ ਰਿਹਾ ਸੀ। ਸਿੱਧੂ ਨੇ ਵਿਅਕਤੀ ਨੂੰ ਦੱਸਿਆ ਕਿ ਉਸ ਦੀ ਸ਼ਿਫਟ ਖ਼ਤਮ ਹੋ ਗਈ ਹੈ ਅਤੇ ਉਹ ਹੁਣ ਨਹੀਂ ਜਾ ਸਕਦਾ ਹੈ। ਸ਼ੱਕੀ ਤੀਜੀ ਵਾਰ ਫਿਰ ਪਰਤਿਆ ਅਤੇ ਸਿੱਧੂ ‘ਤੇ ਹਮਲਾ ਕਰ ਦਿੱਤਾ। ਪਰਿਵਾਰ ਨੂੰ ਨਫ਼ਰਤੀ ਹਮਲੇ ਦਾ ਸ਼ੱਕ ਹੈ।