ਉਡਾਣਾਂ ‘ਚ ਦੇਰੀ ਦੇ ਮਾਮਲੇ ‘ਚ ਅਮਰੀਕਾ ਤੇ ਕੈਨੇਡਾ ਦੀਆਂ ਹਵਾਈ ਕੰਪਨੀਆਂ ਦਾ ਮੰਦਾ ਹਾਲ

0
1711

ਟੋਰਾਂਟੋ: ਬੀਤੇ ਕੁਝ ਸਾਲਾਂ ਦੌਰਾਨ ਏਅਰ ਕੈਨੇਡਾ ਨੂੰ ਉੱਤਰੀ ਅਮਰੀਕਾ ਦੀ ਸਰਬੋਤਮ ਹਵਾਈ ਕੰਪਨੀ ਦਾ ਦਰਜਾ ਮਿਲਦਾ ਰਿਹਾ ਹੈ ਪਰ ਹੁਣ ਇਕ ਤਾਜ਼ਾ ਰਿਪੋਰਟ ਅਨੁਸਾਰ ਉਡਾਨਾਂ ਦੇ ਸਮੇਂ ਸਿਰ ਚੱਲਣ ਅਤੇ ਮੰਜ਼ਿਲਾਂ ‘ਤੇ ਪੁੱਜਣ ਦੇ ਮਾਮਲੇ ਵਿਚ ਏਅਰ ਕੈਨੇਡਾ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਕੈਨੇਡਾ ਤੇ ਅਮਰੀਕਾ ਦੀਆਂ ਸਾਰੀਆਂ ਵੱਡੀਆਂ ਹਵਾਈ ਕੰਪਨੀਆਂ ਦਾ ਬੁਰਾ ਹਾਲ ਹੈ। ਸੰਸਾਰ ਦੀਆਂ ਪ੍ਰਮੁੱਖ ੨੦ ਹਵਾਈ ਕੰਪਨੀਆਂ ‘ਚੋਂ ਏਅਰ ਕੈਨੇਡਾ ਸਭ ਤੋਂ ਪਛੜੀ ਦਰਸਾਈ ਗਈ ਹੈ। ਉਡਾਨ ‘ਚ ਦੇਰੀ ਹੋਣ ਜਾਂ ਰੱਦ ਹੋਣ ਦੇ ਮਾਮਲਿਆਂ ਵਿਚ ਮੁਸਾਫ਼ਰਾਂ ਦੀ ਅਣਦੇਖੀ ਕਰਨ ਬਾਰੇ ਏਅਰ ਕੈਨੇਡਾ ਦੀ ਲਗਾਤਾਰਤਾ ਨਾਲ ਆਲੋਚਨਾ ਹੋਣਾ ਜਾਰੀ ਹੈ ਅਤੇ ਪ੍ਰੇਸ਼ਾਨ ਹੁੰਦੇ ਮੁਸਾਫ਼ਰਾਂ ਅਤੇ ਪਰਿਵਾਰਾਂ ਵਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਆਫੀਸ਼ੀਅਲ ਏਅਰਲਾਈਨ ਗਾਈਡ (ਓ.ਏ.ਜੀ) ਵਲੋਂ ਬੀਤੇ ਦਿਨ ੨੦੧੯ ਦੀ ਗਲੋਬਲ ਏਅਰਲਾਈਨ ਆਨਟਾਈਮ ਰੈਂਕਿੰਗ ਰਿਪੋਰਟ ਜਾਰੀ ਕੀਤੀ ਗਈ, ਜਿਸ ਵਿਚ ਲਗਾਤਾਰ ਦੂਸਰੇ ਸਾਲ ਏਅਰ ਕੈਨੇਡਾ ਨੂੰ ਮਗਰਲਾ ਦਰਜਾ ਮਿਲਿਆ ਹੈ। ਉਸ ਰਿਪੋਰਟ ਵਿਚ ਉਡਾਨ ‘ਚ ੧੫ ਮਿੰਟਾਂ ਤੋਂ ਘੱਟ ਦੀ ਦੇਰੀ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਪਰ ਇਸ ਵੱਧ ਦੀ ਦੇਰੀ ਅਤੇ ਫਲਾਈਟ ਕੈਂਸਲ ਹੋਣ ਦਾ ਨੋਟਿਸ ਲਿਆ ਜਾਂਦਾ ਹੈ। ਰਿਪੋਰਟ ਵਿਚ ਮੈਗਾ (ਵੱਡੀ) ਏਅਰਲਾਈਨ ਦੇ ਤੌਰ ‘ਤੇ ਚਿੱਲੀ (ਦੱਖਣੀ ਅਮਰੀਕਾ ਦਾ ਦੇਸ਼) ਦੀ ਹਵਾਈ ਕੰਪਨੀ ਲੇਟਮ ਏਅਰਲਾਈਨ ਸਭ ਤੋਂ ਮੋਹਰੀ ਸਥਾਨ ‘ਤੇ ਹੈ ਜਿਸ ਦੀਆਂ ੮੬ ਫ਼ੀਸਦੀ ਉਡਾਨਾਂ ਸਮੇਂ ਸਿਰ ਰਵਾਨਾ ਹੁੰਦੀਆਂ ਅਤੇ ਮੰਜ਼ਿਲ ‘ਤੇ ਪੁੱਜਦੀਆਂ ਹਨ।