ਜ਼ਿਮਨੀ ਚੋਣਾਂ ’ਚ ਤੀਸਰੀ ਧਿਰ ਵਜੋਂ ਮੈਦਾਨ ’ਚ ਕੁੱਦੀ ‘ਆਪ’

0
1778

ਚੰਡੀਗੜ੍ਹ, 19 ਅਕਤੂਬਰ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਵਿੱਚ ਕੇਵਲ ਆਮ ਆਦਮੀ ਪਾਰਟੀ (ਆਪ) ਹੀ ਤੀਸਰੀ ਧਿਰ ਵਜੋਂ ਮੈਦਾਨ ਵਿਚ ਨਿੱਤਰੀ ਹੈ। ਲੋਕ ਸਭਾ ਚੋਣਾਂ ਦੇ ਉਲਟ ਇਨ੍ਹਾਂ ਚੋਣਾਂ ਵਿਚ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਭੂਮਿਕਾ ਨਾਂ ਦੇ ਬਰਾਬਰ ਰਹੀ ਹੈ।
ਇਨ੍ਹਾਂ ਚੋਣਾਂ ਵਿੱਚ ਪੀਡੀਏ ਖਿੱਲਰਿਆ ਨਜ਼ਰ ਆਇਆ ਅਤੇ ਇਹ ਧਿਰ ਸਮੂਹ ਚਾਰ ਹਲਕਿਆਂ ਵਿਚ ਉਮੀਦਵਾਰ ਉਤਾਰਨ ਦੇ ਵੀ ਸਮਰੱਥ ਨਹੀਂ ਹੋ ਸਕੀ। ਪੀਡੀਏ ਦੀ ਇਕ ਲੋਕ ਇਨਸਾਫ਼ ਪਾਰਟੀ ਵੱਲੋਂ ਹੀ ਦੋ ਹਲਕਿਆਂ ਦਾਖਾ ਅਤੇ ਫਗਵਾੜਾ ਵਿਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਇਸ ਵਿਚਲੀ ਦੂਸਰੀ ਧਿਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਫਗਵਾੜਾ ਹਲਕੇ ਵਿਚ ਆਪਣਾ ਉਮੀਦਵਾਰ ਉਤਾਰਿਆ ਹੈ। ਪੀਡੀਏ ਦੀਆਂ ਬਾਕੀ ਸਾਰੀਆਂ ਧਿਰਾਂ ਫਗਵਾੜਾ ਹਲਕੇ ਦੀ ਸੀਟ ਬਸਪਾ ਨੂੰ ਦੇਣ ਦੀਆਂ ਹਾਮੀ ਸਨ ਪਰ ਸ੍ਰੀ ਬੈਂਸ ਵੱਲੋਂ ਆਪਣੇ ਪੱਧਰ ’ਤੇ ਉੱਥੇ ਆਪਣਾ ਉਮੀਦਵਾਰ ਖੜ੍ਹਾ ਕਰਨ ਕਾਰਨ ਇਸ ਧਿਰ ਵਿਚ ਸਭ ਅੱਛਾ ਨਹੀਂ ਰਿਹਾ। ਪੀਡੀਏ ਨੇ ਜਲਾਲਾਬਾਦ ਸੀਟ ਸੀਪੀਆਈ ਲਈ ਛੱਡੀ ਸੀ ਪਰ ਇਹ ਪਾਰਟੀ ਇਥੋਂ ਆਪਣਾ ਉਮੀਦਵਾਰ ਹੀ ਨਹੀਂ ਉਤਾਰ ਸਕੀ। ਪੀਡੀਏ ਦੀਆਂ ਸਾਰੀਆਂ ਧਿਰਾਂ ਦੀ ਲੀਡਰਸ਼ਿਪ ਦੀ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਕੋਈ ਸਾਂਝੀ ਰਣਨੀਤੀ ਵੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਪੀਡੀਏ ਦੀ ਲੀਡਰਸ਼ਿਪ ਕਿਧਰੇ ਪ੍ਰਚਾਰ ਕਰਦੀ ਹੀ ਦਿਸੀ ਹੈ।
ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਮਨਫੀ ਰਿਹਾ ਹੈ। ਇਸ ਸਥਿਤੀ ਵਿਚ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਇਕ ਵਾਰ ਮੁੜ ‘ਆਪ’ ਹੀ ਮੁੱਖ ਤੌਰ ’ਤੇ ਤੀਸਰੀ ਧਿਰ ਵਜੋਂ ਮੈਦਾਨ ਵਿਚ ਨਿਤਰੀ ਹੈ। ਇਸ ਪਾਰਟੀ ਨੇ ਸਮੂਹ 4 ਹਲਕਿਆਂ ਵਿੱਚ ਆਪਣੇ ਉਮੀਦਵਾਰ ਉਤਾਰੇ ਹਨ ਅਤੇ ਪਾਰਟੀ ਦੇ ਆਗੂ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਚੋਣਾਂ ਵਿਚ ‘ਆਪ’ ਵਿਚ ਕਿਸੇ ਤਰ੍ਹਾਂ ਦੀ ਟੁੱਟ ਭੱਜ ਵੀ ਦੇਖਣ ਨੂੰ ਨਹੀਂ ਮਿਲੀ ਸਗੋਂ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਵਾਪਸ ਪਾਰਟੀ ਨਾਲ ਜੁੜਣ ਦੀ ਪ੍ਰਾਪਤੀ ਹੀ ਹੋਈ ਹੈ। ਅਜਿਹੀ ਚਰਚਾ ਵੀ ਚੱਲੀ ਹੈ ਕਿ ਹੋਰ ਬਾਗੀ ਵਿਧਾਇਕ ਵੀ ਘਰ ਵਾਪਸੀ ਕਰ ਸਕਦੇ ਹਨ। ਇਨ੍ਹਾਂ ਚੋਣਾਂ ਦੀ ਪੂਰੀ ਕਮਾਂਡ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਹੱਥ ਹੈ। ‘ਆਪ’ ਦੇ ਚਾਰੇ ਉਮੀਦਵਾਰਾਂ ਦੀ ਚੋਣ ਪੰਜਾਬ ਦੀ ਲੀਡਰਸ਼ਿਪ ਨੇ ਕੀਤੀ ਹੈ, ਉਥੇ ਚੋਣ ਪ੍ਰਚਾਰ ਦੀ ਕਮਾਂਡ ਵੀ ਪੰਜਾਬ ਦੀ ਲੀਡਰਸ਼ਿਪ ਦੇ ਹੀ ਹੱਥ ਵਿਚ ਹੈ। ਜੇਕਰ ਇਨ੍ਹਾਂ ਚੋਣਾਂ ਵਿਚ ਵੀ ਪਾਰਟੀ ਦੀ ਵੋਟਾਂ ਪੱਖੋਂ ਸਥਿਤੀ ਪਿਛਲੀਆਂ ਚੋਣਾਂ ਵਰਗੀ ਹੀ ਰਹੀ ਤਾਂ ਇਸ ਪਾਰਟੀ ਉਪਰ ਵੱਡੇ ਸਵਾਲ ਖੜ੍ਹੇ ਹੋ ਸਕਦੇ ਹਨ। ਦਰਅਸਲ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਵੀ ਇਨ੍ਹਾਂ ਚਾਰ ਹਲਕਿਆਂ ਦੇ ਲੋਕ ਜਿਥੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤੇ ਖੁਸ਼ ਨਹੀਂ ਹਨ ਉਥੇ ਅਕਾਲੀ ਦਲ -ਭਾਜਪਾ ਗੱਠਜੋੜ ਉਪਰ ਵੀ ਉਨ੍ਹਾਂ ਦੇ ਪਿਛਲੇ 10 ਸਾਲਾਂ ਦੇ ਰਾਜ ਦੀ ਕਾਰਗੁਜ਼ਾਰੀ ਉਪਰ ਸਵਾਲ ਉਠਦੇ ਆ ਰਹੇ ਹਨ, ਜਿਸ ਕਾਰਨ ਜੇ ਇਸ ਸਥਿਤੀ ਵਿਚ ਵੀ ‘ਆਪ’ ਦੀ ਕਾਰਗੁਜ਼ਾਰੀ ਇਨ੍ਹਾਂ ਚੋਣਾਂ ਵਿਚ ਬਿਹਤਰ ਨਾ ਰਹੀ ਤਾਂ ਮੌਜੂਦਾ ਲੀਡਰਸ਼ਿਪ ਉਪਰ ਸਵਾਲ ਉਠਣੇ ਸੁਭਾਵਕ ਹਨ। ਸ੍ਰੀ ਮਾਨ ਨੇ ਇਕੱਲਿਆਂ ਹੀ ਚਾਰੇ ਹਲਕਿਆਂ ਦੀ ਚੋਣ ਦੀ ਕਮਾਂਡ ਸਾਂਭੀ ਹੈ। ਉਨ੍ਹਾਂ ਲੋਕ ਸਭਾ ਹਲਕਾ ਸੰਗਰੂੁਰ ਤੋਂ ਜਿੱਤਣ ਮਗਰੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਟੀਚਾ ਮਿਥ ਕੇ ਕਈ ਪ੍ਰੋਗਰਾਮ ਉਲੀਕ ਚੁੱਕੇ ਹਨ।