ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਬਹੁਮਤ ਹਾਸਲ ਕਰਨ ਤੋਂ ਬਾਅਦ ਪਾਰਟੀ ਦਫਤਰ ਵਿਚ ਜਸ਼ਨ ਦਾ ਮਾਹੌਲ ਬਣ ਚੁਕਿਆ ਹੈ। ਆਪ ਦੇ ਦਫਤਰ ਵਿਚ ਕੈਂਪੇਨ ਗੀਤ ‘ਲਗੇ ਰਹੋ ਕੇਜਰੀਵਾਲ’ ਵੱਜ ਰਿਹਾ ਹੈ। ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਦੀ ਸਵੇਰੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਦੇ ਬਾਹਰ ਨਵਾਂ ਪੋਸਟਰ ਲਗਾਇਆ ਗਿਆ ਸੀ। ਇਸ ਪੋਸਟਰ ‘ਤੇ ਲਿਖਿਆ ਸੀ, ‘ਚੰਗੇ ਹੋਣਗੇ 5 ਸਾਲ, ਦਿੱਲੀ ਵਿਚ ਤਾਂ ਕੇਜਰੀਵਾਲ’। ਇਸ ਪੋਸਟਰ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਜਿੱਤ ਦੀ ਉਮੀਦ ਹੈ।
ਦੱਸ ਦਈਏ ਕਿ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਅਤੇ ਪਟਪੜਗੰਜ ਤੋਂ ਮਨੀਸ਼ ਸਿਸੋਦੀਆ ਰੁਝਾਨਾਂ ਵਿਚ ਅੱਗੇ ਚੱਲ ਰਹੇ ਹਨ। ਉੱਥੇ ਹੀ ਪਟੇਲ ਨਗਰ ਸੀਟ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਕ੍ਰਿਸ਼ਨਾ ਤੀਰਥ ਪਿੱਛੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2015 ਦੇ ਚੋਣ ਨਤੀਜਿਆਂ ਵਿਚ ਦਿੱਲੀ ਵਿਧਾਨ ਸਭਾ ਸੀਟ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਨੇ ਜਿੱਤ ਹਾਸਲ ਕੀਤੀ ਸੀ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਦਿੱਲੀ ਵਿਚ ਕੁੱਲ ਵੋਟਰਾਂ ਦੀ ਗਿਣਤੀ 1,46,92,136 ਹੈ, ਜਿਨ੍ਹਾਂ ਨੇ ਕੁੱਲ 2,689 ਸਥਾਨਾਂ ‘ਤੇ ਸਥਾਪਤ ਕੀਤੇ ਗਏ ਕੁੱਲ 13,750 ਵੋਟਿੰਗ ਕੇਂਦਰਾਂ ਵਿਚ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਰਾਸ਼ਟਰੀ ਰਾਜਧਾਨੀ ਵਿਚ ਮਹਿਲਾ ਵੋਟਰਾਂ ਦੀ ਗਿਣਤੀ 66,35,635 ਹੈ, ਜਦਕਿ ਇੱਥੇ ਕੁੱਲ 80,55,686 ਮਰਦ ਵੋਟਰ ਹਨ।