ਸਵਿਸ ਬੈਂਕਾਂ ਵਿਚ ਭਾਰਤੀਆਂ ਵਲੋਂ ਰੱਖੇ ਜਾਣੇ ਵਾਲੇ ਧਨ ਦੇ ਮਾਮਲੇ ਵਿਚ ਭਾਰਤ ਇਕ ਅੰਕ ਖਿਸਕ ਕੇ ੭੪ਵੇਂ ਸਥਾਨ ‘ਤੇ ਆ ਗਿਆ ਹੈ ਜਦਕਿ ਬਰਤਾਨੀਆ ਹਾਲੇ ਵੀ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ। ਸਵਿੱਟਜ਼ਰਲੈਂਡ ਦੇ ਕੇਂਦਰੀ ਬੈਂਕ ਸਵਿਸ ਨੈਸ਼ਨਲ ਬੈਂਕ ਵਲੋਂ ਜਾਰੀ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ। ਦੁਨੀਆਂਭਰ ਦੇ ਲੋਕਾਂ ਨੇ ਜਿੰਨਾ ਪੈਸਾ ਸਵਿੱਟਜ਼ਰਲੈਂਡ ਦੇ ਬੈਂਕਾਂ ਵਿਚ ਜਮ੍ਹਾਂ ਕਰਵਾਇਆ ਹੋਇਆ ਹੈ, ਉਸ ਦਾ ਸਿਰਫ਼ ੦.੦੭ ਫ਼ੀ ਸਦੀ ਪੈਸਾ ਹੀ ਭਾਰਤੀਆਂ ਦਾ ਉਥੇ ਜਮ੍ਹਾਂ ਹੈ।
ਪਿਛਲੇ ਸਾਲ ਇਸ ਸੂਚੀ ਵਿਚ ਭਾਰਤ ੭੩ਵੇਂ ਸਥਾਨ ‘ਤੇ ਸੀ ਜਦਕਿ ਉਸ ਤੋਂ ਪਿਛਲੇ ਸਾਲ ਭਾਰਤ ੮੮ਵੇਂ ਸਥਾਨ ‘ਤੇ ਸੀ। ਬੈਂਕ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤੀ ਲੋਕਾਂ ਜਾਂ ਭਾਰਤੀ ਕੰਪਨੀਆਂ ਨੇ ਸਵਿਸ ਬੈਂਕਾਂ ਵਿਚ ਘੱਟ ਪੈਸਾ ਜਮ੍ਹਾਂ ਕਰਵਾਇਆ ਹੈ। ੨੦੧੮ ਵਿਚ ਅਖ਼ੀਰ ਤਕ ਬਰਤਾਨੀਆ ਦੇ ਲੋਕਾਂ ਜਾਂ ਕੰਪਨੀਆਂ ਨੇ ਸਵਿਸ ਬੈਂਕਾਂ ਵਿਚ ਜਮ੍ਹਾਂ ਕਰਵਾਏ ਕੁਲ ਵਿਦੇਸ਼ੀਆਂ ਦੇ ਧਨ ਦਨ ਲਗਭਗ ੨੬ ਫ਼ੀ ਸਦੀ ਪੈਸਾ ਜਮ੍ਹਾਂ ਕੀਤਾ ਹੈ। ਬਰਤਾਨੀਆ ਤੋਂ ਬਾਅਦ ਇਸ ਸੂਚੀ ਵਿਚ ਅਮਰੀਕਾ, ਵੈਸਟ ਇੰਡੀਜ਼, ਫ਼ਰਾਂਸ ਅਤੇ ਹਾਂਗਕਾਂਗ ਦਾ ਸਥਾਨ ਹੈ।
ਸਿਖਰਲੇ ਪੰਜ ਦੇਸ਼ਾਂ ਵਲੋਂ ਸਵਿਸ ਬੈਂਕਾਂ ਵਿਚ ਜਮ੍ਹਾਂ ਕਰਵਾਇਆ ਗਿਆ ਧਨ ਕੁਲ ਵਿਦੇਸ਼ੀਆਂ ਵਲੋਂ ਜਮ੍ਹਾਂ ਕਰਵਾਏ ਗਏ ਧਨ ਦੇ ੫੦ ਫ਼ੀ ਸਦੀ ਤੋਂ ਜ਼ਿਆਦਾ ਹੈ ਜਦਕਿ ਸਿਖਰਲੇ ੧੫ ਦੇਸ਼ਾਂ ਦੀ ਸੂਚੀ ਵਿਚ ਇਹ ਧਨ ੭੫ ਫ਼ੀ ਸਦੀ ਦੇ ਨੇੜੇ ਪਹੁੰਚ ਜਾਂਦਾ ਹੈ ਜਦਕਿ ਸਿਖਰਲੇ ੩੦ ਦੇਸ਼ਾਂ ਦੀ ਹਿੱਸੇਦਾਰੀ ੯੦ ਫ਼ੀ ਸਦੀ ਹੈ। ਸਿਖਰਲੇ ੧੦ ਦੇਸ਼ਾਂ ਦੀ ਸੂਚੀ ਵਿਚ ਬਹਿਮਾਸ, ਜਰਮਨੀ, ਲਗਜ਼ਮਬਰਗ, ਕੇਮੈਨ, ਆਈਲੈਂਡ ਅਤੇ ਸਿੰਗਾਪੁਰ ਸ਼ਾਮਲ ਹਨ।
ਇਸ ਸੂਚੀ ਵਿਚ ਪਾਕਿਸਤਾਨ ੮੨, ਬੰਗਲਾਦੇਸ਼ ੮੯, ਨੇਪਾਲ ੧੦੯, ਸ੍ਰੀਲੰਕਾ ੧੪੧, ਮਿਆਂਮਾਰ ੧੮੭ ਅਤੇ ਭੂਟਾਨ ੧੯੩ ਨੰਬਰ ‘ਤੇ ਹੈ। ਪਿਛਲੇ ਚਾਰ ਸਾਲ ਵਿਚ ਇਹ ਪਹਿਲੀ ਵਾਰ ਹੈ ਕਿ ਰੈਂਕਿੰਗ ਦੇ ਮਾਮਲੇ ਵਿਚ ਪਾਕਿਸਤਾਨ, ਭਾਰਤ ਤੋਂ ਹੇਠਾਂ ਆਇਆ ਹੈ। ਇਸ ਸੂਚੀ ਵਿਚ ਭਾਰਤ ਦੇ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੋ ਦੂਜੇ ਦੇਸ਼ਾਂ ਵਿਚ ਮੌਜੂਦ ਫ਼ਰਮਾਂ ਦੇ ਨਾਂ ‘ਤੇ ਪੈਸਾ ਜਮ੍ਹਾਂ ਕਰਵਾਉਂਦੇ ਹਨ। ਸਾਲ ੨੦੦੭ ਦੇ ਸਵਿਸ ਬੈਂਕ ਦੇ ਖਾਤਿਆਂ ਦੇ ਮਾਮਲੇ ਵਿਚ ਭਾਰਤ ਦੁਨੀਆਂ ਦੇ ਸਿਖਰਲੇ ੫੦ ਦੇਸ਼ਾਂ ਵਿਚ ਸ਼ਾਮਲ ਸੀ ਅਤੇ ਸਾਲ ੨੦੦੪ ਵਿਚ ਭਾਰਤ ੩੭ਵੇਂ ਸਥਾਨ ‘ਤੇ ਸੀ।