ਪੰਜਾਬ ਨੂੰ ਅਲਵਿਦਾ ਕਹਿਣ ਲਈ ਪੰਜਾਬੀ ਕਾਹਲੇ ਪਏ

0
2015

ਜਲੰਧਰ: ਰੋਜ਼ਗਾਰ ਦੀ ਭਾਲ ‘ਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ੨੦੧੭ ਦੇ ਮੁਕਾਬਲੇ ੨੦੧੮ ‘ਚ ਜਲੰਧਰ ਤੋਂ ਵੀਜ਼ਾ ਅਪਲਾਈ ਕਰਨ ਵਾਲੀਆਂ ਅਰਜ਼ੀਆਂ ਵਿਚ ੬੬ ਫੀਸਦੀ ਵਾਧਾ ਹੋਇਆ ਹੈ ਜਦਕਿ ਚੰਡੀਗੜ੍ਹ ਦੇ ਦਫਤਰ ‘ਚ ਇਹ ਵਾਧਾ ੫੪ ਫੀਸਦੀ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਭਾਰਤ ਵਿਚੋਂ ੫੨ ਲੱਖ ੮੦ ਹਜ਼ਾਰ ਦੂਜੇ ਦੇਸ਼ਾਂ ਨੂੰ ਜਾਣ ਲਈ ਅਰਜ਼ੀਆਂ ਆਈਆਂ ਸਨ।
ਪੰਜਾਬ ਵਿਚ ਸਭ ਤੋਂ ਵੱਧ ਦਰ ਜਲੰਧਰ ਜ਼ਿਲੇ ਦੀ ਸਾਹਮਣੇ ਆਈ, ਇਸ ਵਿਚ ਪਿਛਲੇ ਸਾਲ ਨਾਲੋਂ ੬੬ ਫੀਸਦੀ ਵਾਧਾ ਪਾਇਆ ਗਿਆ। ਜਲੰਧਰ ਤੋਂ ਬਾਅਦ ਸਭ ਤੋਂ ਵੱਧ ਅਰਜ਼ੀਆਂ ਵਿਚ ਵਾਧੇ ਦੀ ਦਰ ਗੋਆ ਵਿਚ ੪੫ ਫੀਸਦੀ ਤੇ ਪੁਡੂਚੇਰੀ ‘ਚ ੪੩ ਫੀਸਦੀ ਹੈ।
ਲੋਕਾਂ ਦਾ ਰੁਝਾਨ ਕੈਨੇਡਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਜਾਪਾਨ, ਟਰਕੀ, ਚੈੱਕ ਰਿਪਬਲਿਕ ਤੇ ਹੋਰ ਦੇਸ਼ਾਂ ਨੂੰ ਵੀ ਜਾਣ ਲੱਗ ਪਏ ਹਨ। ਦੁਨੀਆਂ ਭਰ ਵਿਚ ਵੀਜ਼ਾ ਅਰਜ਼ੀਆਂ ਵਿਚ ੧੬ ਫੀਸਦੀ ਵਾਧਾ ਹੋਇਆ ਹੈ ਜਦਕਿ ਭਾਰਤ ਵਿਚ ਪਿਛਲੇ ਸਾਲ ਇਹ ਵਾਧਾ ੧੩ ਫੀਸਦੀ ਨੋਟ ਕੀਤਾ ਗਿਆ।
ਜਲੰਧਰ ਦੇ ਦਫਤਰ ‘ਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਸਮੇਤ ੪੪ ਹੋਰ ਦੇਸ਼ਾਂ ਲਈ ਵੀਜ਼ਾ ਅਰਜ਼ੀਆਂ ਲਈਆਂ ਜਾਂਦੀਆਂ ਹਨ। ਮਾਰਚ ਤੋਂ ਜੂਨ ਮਹੀਨੇ ਤੱਕ ਟੂਰਿਸਟ ਵੀਜ਼ੇ ਵਾਲਿਆਂ ਦੀ ਭੀੜ ਹੁੰਦੀ ਹੈ ਅਤੇ ਜੁਲਾਈ ਤੋਂ ਸਤੰਬਰ ਤੱਕ ਸਟੱਡੀ ਵੀਜ਼ੇ ਵਾਲਿਆਂ ਦੀ ਭੀੜ ਜ਼ਿਆਦਾ ਹੁੰਦੀ ਹੈ।