ਸਰੀ: ਨੌਜਵਾਨਾਂ ‘ਚ ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ (ਸ਼ੁੱਭਦੀਪ ਸਿੰਘ ਸਿੱਧੂ) ਨੂੰ ਸਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਨੇ ਸ਼ਹਿਰ ‘ਚ ਕਰਵਾਏ ਜਾ ਰਹੇ ਇਕ ਸ਼ੋਅ ਦੌਰਾਨ ਗਾਉਣ ਤੋਂ ਰੋਕ ਦਿੱਤਾ ਹੈ। ਪ੍ਰਬੰਧਕ ‘ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ’ ਵਲੋਂ ੧੫ ਜੂਨ ਨੂੰ ਸਰੀ ਵਿਖੇ ਉਲੀਕੇ ਇਕ ਰੰਗਾ-ਰੰਗ ਸਮਾਗਮ ‘ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਉਸ ਨੂੰ ‘ਜਨਤਕ ਸੁਰੱਖਿਆ ਲਈ ਖ਼ਤਰਾ’ ਦੱਸ ਕੇ ਗਾਉਣ ਤੋਂ ਮਨ੍ਹਾ ਕਰਨ ਦੀ ਸਿਫ਼ਾਰਿਸ਼ ਕੀਤੀ, ਜਿਸ ਕਾਰਨ ਸਿਟੀ ਆਫ਼ ਸਰੀ ਦੇ ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਹਦਾਇਤ ਕਰ ਦਿੱਤੀ ਕਿ ਸਮਾਗਮ ਲਈ ਪਰਮਿਟ ਤਾਂ ਹੀ ਜਾਰੀ ਹੋਵੇਗਾ, ਜੇਕਰ ਸਿੱਧੂ ਮੂਸੇ ਵਾਲੇ ਦਾ ਨਾਂਅ ਗਾਉਣ ਵਾਲਿਆਂ ਦੀ ਸੂਚੀ ‘ਚੋਂ ਬਾਹਰ ਕੀਤਾ ਜਾਵੇਗਾ ਅਤੇ ਪ੍ਰਬੰਧਕ ਅਜਿਹਾ ਕਰਨ ਲਈ ਲਈ ਮੰਨ ਗਏ ਹਨ। ਸਿਟੀ ਕਾਸਲਰ ਮਨਦੀਪ ਨਾਗਰਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਅਜਿਹੇ ਗਾਇਕਾਂ ਨੂੰ ਸਰੀ ‘ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸਰੀ ‘ਚ ਕਰਵਾਏ ਸਿੱਧੂ ਮੂਸੇ ਵਾਲੇ ਅਤੇ ਐਲੀ ਮਾਂਗਟ ਦੇ ਸ਼ੋਅ ਦੌਰਾਨ ਨੌਜਵਾਨਾਂ ਵਿਚਕਾਰ ਲੜਾਈਆਂ ਹੋਈਆਂ ਸਨ ਅਤੇ ਇਕ ਨੌਜਵਾਨ ਦੀ ਗਰਦਨ ‘ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ। ਇਸੇ ਤਰਾਂ ਕੈਲਗਰੀ, ਐਡਮਿੰਟਨ ਆਦਿ ਸ਼ਹਿਰਾਂ ‘ਚ ਵੀ ਸਿੱਧੂ ਮੂਸੇ ਵਾਲੇ ਦੇ ਸ਼ੋਅ ਮੌਕੇ ਪੁਲਿਸ ਨੂੰ ਦਖ਼ਲ ਦੇਣਾ ਪਿਆ ਸੀ।
ਕੁਝ ਦਿਨ ਪਹਿਲਾਂ ਇਕ ਹੋਰ ਨੌਜਵਾਨ ਪੰਜਾਬੀ ਗਾਇਕ ਕਰਨ ਔਜਲਾ ‘ਤੇ ਵੀ ਐਬਟਸਫੋਰਡ ਵਿਖੇ ਹਮਲਾ ਹੋਇਆ ਸੀ। ਸਿੱਧੂ ਮੂਸੇ ਆਲੇ ਦੇ ਪ੍ਰਸ਼ੰਸਕ ਇਸ ਨੂੰ ਧੱਕੇਸ਼ਾਹੀ ਅਤੇ ਬੋਲਣ/ਗਾਉਣ ਦੀ ਆਜ਼ਾਦੀ ‘ਤੇ ਹਮਲਾ ਦੱਸ ਰਹੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਸਿਟੀ ਅਤੇ ਪੁਲੀਸ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਪਰ ਮਾਮਲਾ ਜਨਤਕ ਸੁਰੱਖਿਆ ਦਾ ਹੋਣ ਕਾਰਨ ਉਹ ਨਾਂਅ ਕੱਢਣ ਲਈ ਰਾਜ਼ੀ ਹੋ ਗਏ।