ਕੌਮੀ ਡਰੱਗ ਨੀਤੀ ਬਾਰੇ ਕੈਪਟਨ ਵੱਲੋਂ ਮੋਦੀ ਨੂੰ ਪੱਤਰ

0
2571

ਚੰਡੀਗੜ੍ਹ: ਨਸ਼ਿਆਂ ਦੀ ਰੋਕਥਾਮ ਲਈ ਕੌਮੀ ਡਰੱਗ ਪਾਲਿਸੀ ਲਈ ਆਪਣੀ ਮੰਗ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰਹਿ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆਂ ਨੂੰ ਇਸ ਮਹੱਤਵਪੂਰਨ ਮਸਲੇ ਨੂੰ ਹੋਰ ਵੱਧ ਗੰਭੀਰਤਾ ਨਾਲ ਸੁਲਝਾਉਣ ਦੀ ਸਲਾਹ ਦੇਣ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਮੁਲਕ ਵਿੱਚ ਨਸ਼ਿਆਂ ਦੀ ਲਾਹਣਤ ਦੇ ਖਾਤਮੇ ਲਈ ਤਿੰਨ ਪੜਾਵੀ ਰਣਨੀਤੀ- ਕਾਰਵਾਈ, ਨਸ਼ਾ ਮੁਕਤੀ ਅਤੇ ਰੋਕਥਾਮ (ਈ.ਡੀ.ਪੀ.) ਲਈ ਕੌਮੀ ਨੀਤੀ ਘੜਨ ਵਾਸਤੇ ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ ਤਾਂ ਕਿ ਸਾਰੇ ਸੂਬੇ ਇਸ ਸਮੱਸਿਆ ਪ੍ਰਤੀ ਪੂਰਨ ਤੌਰ ’ਤੇ ਨਹੀਂ ਤਾਂ ਘੱਟੋ-ਘੱਟ ਮਿਲਦੀ-ਜੁਲਦੀ ਪਹੁੰਚ ਅਤੇ ਰਣਨੀਤੀ ਅਪਣਾ ਸਕਣ ਕਿਉਂ ਜੋ ਇਸ ਸਮੱਸਿਆ ਨੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੀ ਸਿਹਤ ਦਾ ਨੁਕਸਾਨ ਕੀਤਾ ਹੈ। ਕੈਪਟਨ ਨੇ ਵਡੇਰੇ ਕੌਮੀ ਹਿੱਤ ਵਿੱਚ ਨਾ ਸਿਰਫ਼ ਇਹ ਨੀਤੀ ਘੜਨ ਸਗੋਂ ਇਸ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਭਾਵੀ ਵਿਧੀ ਵਿਧਾਨ ਲਾਗੂ ਕਰਨ ਲਈ ਭਾਰਤ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਉਨ੍ਹਾਂ ਦੇ ਸੂਬੇ ਵੱਲੋਂ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਲੰਮੀ ਸਰਹੱਦ ਅਤੇ ਮੁਲਕ ਦੀ ਸੁਰੱਖਿਆ ਦੇ ਲਿਹਾਜ਼ ਤੋਂ ਰਣਨੀਤਿਕ ਅਹਿਮੀਅਤ ਦਾ ਹਵਾਲਾ ਦਿੰਦਿਆਂ ਕੈਪਟਨ ਨੇ ਨਾਰਕੋ ਅਤਿਵਾਦ ਨਾਲ ਪੈਦਾ ਹੋਈਆਂ ਸੁਰੱਖਿਆ ਚਿੰਤਾਵਾਂ ਦਾ ਜ਼ਿਕਰ ਕੀਤਾ ਹੈ ਜੋ ਪੰਜਾਬ ਦੇ ਸੰਦਰਭ ਵਿੱਚ ਵਧੇਰੇ ਚਿੰਤਾਜਨਕ ਹੈ। ਕੈਪਟਨ ਨੇ ਜ਼ਿਕਰ ਕੀਤਾ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਨਸ਼ਿਆਂ ਦੀ ਨਾਜਾਇਜ਼ ਤਸਕਰੀ ਭਾਰਤ ’ਚ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਹੈ। ਇਸ ਨਾਲ ਨਜਿੱਠਣ ਲਈ ਬਹੁ-ਪੜਾਵੀ ਅਤੇ ਸਾਂਝੀ ਨੀਤੀ ਦੀ ਲੋੜ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਫਰਾਖ਼ਦਿਲੀ ਨਾਲ ਵਿੱਤੀ ਮਦਦ ਦੇਣ ਦੀ ਵੀ ਅਪੀਲ ਕੀਤੀ ਹੈ ਤਾਂ ਕਿ ਪੰਜਾਬ ਵਿਚ ਨਸ਼ਾ ਛੱਡਣ ਵਾਲਿਆਂ ਦਾ ਇਲਾਜ ਕਰਨ ਲਈ ਸਥਾਪਤ ਕੀਤੇ ਓ.ਓ.ਏ.ਟੀ. ਕਲੀਨਿਕਾਂ ਦੀ ਗਿਣਤੀ ਵਧਾਉਣ ਦੇ ਨਾਲ ਇਨ੍ਹਾਂ ਨੂੰ ਮਜ਼ਬੂਤ ਬਣਾਇਆ ਜਾ ਸਕੇ।