ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ

0
1437

ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਮਾਮਲੇ ‘ਚ ਡੇਰਾ ਸਿਰਸਾ ਦੇ
ਮੁਖੀ ਗੁਰਮੀਤ ਰਾਮ ਰਹੀਮ ਸਮੇਤ 4 ਦੋਸ਼ੀਆਂ ਨੂੰ ਪੰਚਕੂਲਾ ਦੀ ਸਪੈਸ਼ਲ ਸੀ. ਬੀ. ਆਈ. ਕੋਰਟ ਨੇ ਉਮਰ ਕੈਦ
ਦੀ ਸਜ਼ਾ ਸੁਣਾਈ ਹੈ। ਕੋਰਟ ‘ਚ ਰਾਮ ਰਹੀਮ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ ਹੋਇਆ। ਸੂਤਰਾਂ ਮੁਤਾਬਕ
ਰਾਮ ਰਹੀਮ ਕੋਰਟ ਸਾਹਮਣੇ ਹੱਥ ਜੋੜ ਕੇ ਖੜ੍ਹਾ ਰਿਹਾ ਅਤੇ ਉਸ ਦੇ ਚਿਹਰੇ ‘ਤੇ ਉਦਾਸੀ ਸੀ। ਇੱਥੇ ਦੱਸ ਦੇਈਏ
ਕਿ ਸੀ.ਬੀ. ਆਈ. ਕੋਰਟ ਦੇ ਜੱਜ ਜਗਦੀਪ ਸਿੰਘ ਨੇ ਬੀਤੀ 11 ਜਨਵਰੀ 2019 ਨੂੰ ਰਾਮ ਰਹੀਮ ਤੋਂ ਇਲਾਵਾ
ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕਿਸ਼ਨ ਲਾਲ ਨੂੰ ਦੋਸ਼ੀ ਠਹਿਰਾਇਆ ਸੀ। ਤਿੰਨੋਂ ਦੋਸ਼ੀ ਅੰਬਾਲਾ ਜੇਲ ‘ਚ
ਬੰਦ ਹਨ। ਰਾਮ ਰਹੀਮ ਦੋ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਦੋਸ਼ ‘ਚ ਇਸ ਸਮੇਂ ਰੋਹਤਕ ਦੀ ਸੁਨਾਰਿਆ ਜੇਲ ਵਿਚ
20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਨੂੰ ਲੈ ਕੇ ਪੰਚਕੂਲਾ ਸਮੇਤ ਹਰਿਆਣਾ ਵਿਚ
ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ। ਪੰਚਕੂਲਾ, ਸਿਰਸਾ ‘ਚ ਧਾਰਾ 144 ਲਾਈ ਗਈ। ਪੱਤਰਕਾਰ ਰਾਮਚੰਦਰ
ਛੱਤਰਪਤੀ ਦੀ ਹੱਤਿਆ ਮਗਰੋਂ ਉਨ੍ਹਾਂ ਦਾ ਬੇਟਾ ਅੰਸ਼ੂਲ ਛੱਤਰਪਤੀ ਨਿਆਂ ਲਈ ਭਟਕਦਾ ਰਿਹਾ, ਆਖਰਕਾਰ ਅੱਜ
ਇਸ ਮਾਮਲੇ ਵਿਚ ਕੋਰਟ ਨੇ ਸਜ਼ਾ ਸੁਣਾਈ ਹੈ।

*ਇਹ ਹੈ ਪੂਰਾ ਮਾਮਲਾ—*
ਇਹ ਪੂਰਾ ਮਾਮਲਾ ਤਕਰੀਬਨ 16 ਸਾਲ ਪੁਰਾਣਾ ਹੈ। 24 ਅਕਤੂਬਰ 2002 ਨੂੰ ਰਾਮਚੰਦਰ ਛੱਤਰਪਤੀ ‘ਤੇ ਘਰ
ਦੇ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਰਾਮਚੰਦਰ ਲਗਾਤਾਰ ਆਪਣੇ ਅਖਬਾਰ
‘ਚ ਡੇਰੇ ਨਾਲ ਜੁੜੀਆਂ ਖਬਰਾਂ ਨੂੰ ਛਾਪ ਰਹੇ ਸਨ। ਉਨ੍ਹਾਂ ਨੇ ਸਿਰਸਾ ‘ਚ ਹੋਏ ਦੋ ਸਾਧਵੀਆਂ ਨਾਲ ਰੇਪ ਦੀ
ਖਬਰ ਨੂੰ ਆਪਣੇ ਅਖਬਾਰ ‘ਪੂਰਾ ਸੱਚ’ ਵਿਚ ਛਾਪਿਆ ਸੀ। ਇਸ ਖਬਰ ਦੇ ਛਪਣ ਤੋਂ ਬਾਅਦ ਰਾਮ ਰਹੀਮ ਦੇ ਲੋਕ
ਪੱਤਰਕਾਰ ਰਾਮਚੰਦਰ ਨੂੰ ਧਮਕੀਆਂ ਦਿੰਦੇ ਸਨ। ਇਸ ਦੇ ਬਾਵਜੂਦ ਪੱਤਰਕਾਰ ਰਾਮਚੰਦਰ ਬਿਨਾਂ ਡਰੇ ਰਾਮ ਰਹੀਮ
ਵਿਰੁੱਧ ਲਿਖਦੇ ਰਹੇ। ਰਾਮ ਰਹੀਮ ਵਲੋਂ ਸਾਧਵੀਆਂ ਨਾਲ ਰੇਪ ਦੀ ਘਟਨਾ ਕਈ ਦਿਨਾਂ ਤਕ ਦੱਬੀ ਰਹੀ। ਇਸ
ਪੂਰੀ ਘਟਨਾ ਦਾ ਖੁਲਾਸਾ ਜਿਸ ਗੁੰਮਨਾਮ ਚਿੱਠੀ ਤੋਂ ਹੋਇਆ। ਉਸ ਸਮੇਂ ਇਹ ਚਿੱਠੀ ਸਾਬਕਾ ਪ੍ਰਧਾਨ ਮੰਤਰੀ
ਅਟਲ ਬਿਹਾਰੀ ਵਾਜਪਾਈ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਮੇਤ ਕਈ ਸੰਸਥਾਵਾਂ ਨੂੰ ਭੇਜੀ
ਗਈ ਸੀ। ਤਿੰਨ ਪੇਜ਼ਾਂ ਦੀ ਚਿੱਠੀ ਹੱਥ ਆਉਣ ਤੋਂ ਬਾਅਦ ਛੱਤਰਪਤੀ ਨੇ ਡੇਰਾ ਮੁਖੀ ਰਾਮ ਰਹੀਮ ਬਾਰੇ ਅਖਬਾਰ
‘ਚ ਛਾਪਿਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਚਿੱਠੀ ਦਾ ਨੋਟਿਸ ਲੈਂਦੇ ਹੋਏ ਸਿਰਸਾ ਦੇ ਜ਼ਿਲਾ
ਅਤੇ ਸੈਸ਼ਨ ਜੱਜ ਨੂੰ ਇਸ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਜੱਜ ਨੇ ਇਹ ਜਾਂਚ ਸੀ. ਬੀ.
ਆਈ. ਨੂੰ 2007 ‘ਚ ਸੌਂਪੀ।