ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇਜ਼ਰਾਈਲ ਦੇ ਰਾਸ਼ਟਰਪਤੀ ਰੂਵੇਨ ਰਿਵਲਿਨ ਨਾਲ ਮੀਟਿੰਗ ਦੌਰਾਨ ਦੁਵੱਲੇ ਹਿੱਤਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਜਲ ਪ੍ਰਬੰਧਨ, ਖੇਤੀਬਾੜੀ ਅਤੇ ਮਾਤਭੂਮੀ ਸੁਰੱਖਿਆ ਤਕਨਾਲੋਜੀ ਵਰਗੇ ਮੁੱਖ ਖੇਤਰਾਂ ਵਿੱਚ ਇਜ਼ਰਾਈਲ ਦੇ ਤਕਨੀਕੀ ਸਹਿਯੋਗ ਅਤੇ ਸਮਰਥਨ ਦੀ ਤਵੱਕੋ ਕੀਤੀ। ਮੁੱਖ ਮੰਤਰੀ ਅੱਜ ਸਵੇਰੇ ਜੇਰੂਸਲੇਮ ਵਿਖੇ ਰਾਸ਼ਟਰਪਤੀ ਰਿਵਲਿਨ ਰੂਵੇਨ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲੇ
ਅਤੇ ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿੱਚਕਾਰ ਇਤਿਹਾਸਕ ਤੌਰ ‘ਤੇ ਨੇੜੇ ਦੇ ਸਬੰਧਾਂ ਨੂੰ ਅੱਗੇ ਹੋਰ ਮਜ਼ਬੂਤ ਬਨਾਉਣ ਸਬੰਧੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਪੰਜਾਬ ਦੇ ਜਲ ਪ੍ਰਬੰਧਨ ਅਤੇ ਸੁਰੱਖਿਆ ਵਰਗੇ ਗੰਭੀਰ ਖੇਤਰਾਂ ਵਿੱਚ ਇਜ਼ਰਾਈਲ ਦੇ ਗਿਆਨ ਅਤੇ ਮੁਹਾਰਤ ਦੀ ਵਰਤੋਂ ਬਾਰੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ। ਰਾਸ਼ਟਰਪਤੀ ਨੇ ਰੇਗਿਸਤਾਨ ਵਾਲੇ ਇਜ਼ਰਾਈਲ ਨੂੰ ਖੇਤੀਬਾੜੀ ਵਾਲੇ ਦੇਸ਼ ਵਿੱਚ ਬਦਲਣ ਲਈ ਪਾਣੀ ਪ੍ਰਬੰਧਨ ਦੇ ਸਿਆਣਪ ਭਰੇ ਤਜਰਬਿਆਂ ਨੂੰ ਸਾਂਝਾ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਲਗਾਤਾਰ ਹੇਠਾਂ ਜਾਣ ਨੂੰ ਰੋਕਣ ਵਾਸਤੇ ਜ਼ਰੂਰੀ ਕਦਮ ਚੁੱਕੇ ਜਾਣ ਦੀ ਜ਼ਰੂਰਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਓਨ੍ਹਾਂ ਨੇ ਪਾਣੀ ਦੇ ਵਧੀਆ ਪ੍ਰਬੰਧਨ ਅਤੇ ਸੰਭਾਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਇਹ ਗੱਲ ਮੰਨੀ ਕਿ ਭਾਰਤ ਵਿੱਚ ਪਾਣੀ ਦੀ ਸਮੱਸਿਆ ਵੱਧ ਰਹੀ ਹੈ। ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਓਨ੍ਹਾਂ ਨਾਲ ਵਿਚਾਰ ਚਰਚਾ ਦੌਰਾਨ ਉਠਾਇਆ ਸੀ। ਓਨ੍ਹਾਂ ਨੇ ਪਾਣੀ ਨੂੰ ਪੀਣ ਯੋਗ ਬਨਾਉਣ ਲਈ ਪਾਣੀ ਦਾ ਖਾਰਾਪਣ ਕੱਢਣ ਵਾਸਤੇ ਸੁਝਾਅ ਦਿੱਤਾ ਜਿਸ ਤਰਾਂ ਕਿ ਇਜ਼ਰਾਈਲ ਵਿੱਚ ਕੀਤਾ ਜਾ ਰਿਹਾ ਹੈ।
ਇਜ਼ਰਾਈਲ ਨੇ ਅਜਿਹਾ ਵੱਖ-ਵੱਖ ਨਵੀਨਤਮ ਤਕਨਾਲੋਜੀ ਦੇ ਨਾਲ ਕੀਤਾ ਹੈ। ਪੰਜਾਬ ਦੇ ਨਾਲ ਈਰਖਾ ਰੱਖਣ ਵਾਲੇ ਗੁਆਂਢੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਮਾਤਭੂਮੀ ਸੁਰੱਖਿਆ ਦੇ ਖੇਤਰ ਵਿੱਚ ਇਜ਼ਰਾਈਲ ਦੇ ਗਿਆਨ ਅਤੇ ਤਕਨਾਲੋਜੀ ਨੂੰ ਅਪਣਾਏ ਜਾਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਹਰ ਸੰਭਵ ਸਹਾਇਤਾ ਪੰਜਾਬ ਸਣੇ ਭਾਰਤ ਨੂੰ ਮੁਹੱਈਆ ਕਰਾਉਣ ਲਈ ਉਤਸੁਕ ਹਨ। ਦੋਵਾਂ ਆਗੂਆਂ ਨੇ ਭਾਰਤੀ ਫੋਜ ਵੱਲੋਂ ਹਾਇਫ਼ਾ ਦੀ ਮੁਕਤੀ ਸਬੰਧੀ ਸ਼ਤਾਬਦੀ ਸਮਾਰੋਹ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਮੁੱਖ ਮੰਤਰੀ ਨੇ ਬਾਅਦ ਵਿੱਚ ਹਾਇਫ਼ਾ ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਕਾਮਨਵੈਲਥ ਸੇਮੈਂਟਰੀ ਦਾ ਵੀ ਦੌਰਾ ਕੀਤਾ ਅਤੇ ਪਹਿਲੀ ਵਿਸ਼ਵ ਜੰਗ ਦੌਰਾਨ ਔਟੋਮੈਨ ਸਮਰਾਜ ਦੀਆਂ ਫੌਜਾਂ ਤੋਂ ਇਜ਼ਰਾਈਲ ਦੇ ਸ਼ਹਿਰ ਹਾਇਫ਼ਾ ਦੀ ਸੁਰੱਖਿਆ ਕਰਦੇ ਹੋਏ ਜਾਨਾਂ ਨਿਸ਼ਾਵਰ ਕਰਨ ਵਾਲੇ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਰਾਸ਼ਟਰਪਤੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਓਨ੍ਹਾਂ ਨੂੰ ਆਪਣੀਆਂ ਫੌਜੀ ਇਤਿਹਾਸ ਦੀਆਂ ਕਿਤਾਬਾਂ ਦਾ ਇਕ ਸੈੱਟ ਅਤੇ ਹੁਸ਼ਿਆਰਪੁਰ ਦਾ ਬਣਿਆ ਮੋਤੀਆਂ ਨਾਲ ਜੜਿਆ ਲਕੜੀ ਦਾ ਇਕ ਬਕਸਾ ਭੇਂਟ ਕੀਤਾ। ਰਾਸ਼ਟਰਪਤੀ ਨੇ ਆਪਣੀ ਤਰਫੋਂ ਕੈਪਟਨ ਅਮਰਿੰਦਰ ਸਿੰਘ ਨੂੰ ਜੇਰੂਸਲੇਮ ਦਾ ਇਕ ਬਕਸ ਦਿੱਤਾ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਸ਼ਾਮਲ ਸਨ।