ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਤਕਰੀਬਨ ਜੇਲ੍ਹ ਵਿਚ 8 ਮਹੀਨੇ ਹੋ ਗਏ ਹਨ ਅਤੇ ਉਸ ਨੂੰ ਮੁੜ ਤੋਂ ਜੇਲ੍ਹ ‘ਚ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ। ਡੇਰਾ ਮੁਖੀ ਜੇਲ੍ਹ ‘ਚ ਸਬਜ਼ੀਆਂ ਬੀਜਣ, ਉਨ੍ਹਾਂ ਨੂੰ ਪਾਣੀ ਦੇਣ ਤੇ ਕਿਆਰੀਆਂ ‘ਚੋਂ ਘਾਹ ਆਦਿ ਹਟਾਉਣ ਦਾ ਕੰਮ ਕਰ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਰੋਜ਼ਾਨਾ 40 ਰੁਪਏ ਦਿਹਾੜੀ ਮਿਲਦੀ ਹੈ। ਗੁਰਮੀਤ ਰਾਮ ਰਹੀਮ ਵਲੋਂ ਉਗਾਈਆਂ ਸਬਜ਼ੀਆਂ ਜੇਲ੍ਹ ‘ਚ ਕੈਦੀਆਂ ਦੇ ਖਾਣ ਦੇ ਕੰਮ ਆਉਂਦੀਆਂ ਹਨ।
ਡੇਰਾ ਮੁਖੀ ਦਾ ਭਾਰ ਜੋ ਪਿਛਲੇ 5 ਮਹੀਨਿਆਂ ਤੱਕ ਨਿਰੰਤਰ ਘੱਟਦਾ ਜਾ ਰਿਹਾ ਸੀ ਹੁਣ 91 ਕਿਲੋ ਦੇ ਕਰੀਬ ਆ ਕੇ ਸਥਿਰ ਹੋ ਗਿਆ ਹੈ, ਜੇਲ੍ਹ ‘ਚ ਉਨ੍ਹਾਂ ਦੀ ਨਿਯਮਿਤ ਡਾਕਟਰੀ ਜਾਂਚ ਹੁੰਦੀ ਰਹਿੰਦੀ ਹੈ ਤੇ ਹੁਣ ਉਨ੍ਹਾਂ ਦੇ ਬੀ.ਪੀ. ਤੇ ਸ਼ੂਗਰ ‘ਚ ਕੁਝ ਸੁਧਾਰ ਹੋਇਆ ਹੈ। ਸਾਧਵੀਆਂ ਜਬਰ ਜਨਾਹ ਮਾਮਲਿਆਂ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਰਣਮਾਲਾ ਦੇ ਕ੍ਰਮ ਅਨੁਸਾਰ ਸੋਮਵਾਰ ਤੇ ਵੀਰਵਾਰ ਨੂੰ ਮਿਲਣ ਉਸ ਦੇ ਪਰਿਵਾਰਕ ਮੈਂਬਰ ਆਉਂਦੇ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਅਕਸਰ ਸੋਮਵਾਰ ਨੂੰ ਉਸ ਨੂੰ ਮਿਲਣ ਆਉਂਦਾ ਹੈ ਤੇ 20 ਮਿੰਟ ਦੀ ਇਹ ਮੁਲਾਕਾਤ ਇੰਟਰਕਾਮ ਦੁਆਰਾ ਮੁਲਾਕਾਤੀ ਕੈਬਿਨ ‘ਚ ਹੁੰਦੀ ਹੈ। ਡੇਰਾ ਮੁਖੀ ਨਾਲ ਕਰੀਬ ਹਰ ਹਫ਼ਤੇ ਉਸ ਦੀ ਮਾਤਾ ਨਸੀਬ ਕੌਰ, ਪਤਨੀ ਹਰਜੀਤ ਕੌਰ, ਬੇਟਾ ਜਸਮੀਤ, ਦੋਵੇਂ ਬੇਟੀਆਂ ਅਮਰਪ੍ਰੀਤ ਤੇ ਚਰਨਪ੍ਰੀਤ, ਨੂੰਹ ਹੁਸਨਮੀਤ ਤੇ ਉਨ੍ਹਾਂ ਦੇ ਦੋਵਾਂ ਜਵਾਈਆਂ ‘ਚੋਂ ਕੋਈ ਨਾ ਕੋਈ ਮੁਲਾਕਾਤ ਕਰਨ ਆਉਂਦਾ ਰਹਿੰਦਾ ਹੈ।
ਬੀਤੇ 8 ਮਹੀਨਿਆਂ ਦੌਰਾਨ ਡੇਰਾ ਮੁਖੀ ਦੀ ਇਹ ਰੁਟੀਨ ਬਣ ਗਈ ਹੈ ਕਿ ਉੁਹ ਸਵੇਰੇ ਕਰੀਬ 2 ਘੰਟੇ ਕਹੀ ਤੇ ਰੰਬੇ ਨਾਲ ਸਬਜ਼ੀਆਂ ਬੀਜਣ, ਉਨ੍ਹਾਂ ਨੂੰ ਗੁੱਡਣ ਤੇ ਪਾਣੀ ਦੇਣ ਦਾ ਕੰਮ ਕਰਦਾ ਹੈ। ਉਹ ਜੇਲ੍ਹ ਦੀ ਬੈਰਕ ਦੀਆਂ ਵੱਡੀਆਂ-ਵੱਡੀਆਂ ਕਿਆਰੀਆਂ ‘ਚ ਸਬਜ਼ੀਆਂ ਉਗਾਉਂਦਾ ਹੈ ਤੇ ਸਮੇਂ ਸਿਰ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਖਾਂਦਾ ਹੈ ਅਤੇ ਸ਼ਾਮ ਨੂੰ ਮੁੜ ਇਹ ਕੰਮ ਕਰਦਾ ਰਹਿੰਦਾ ਹੈ।
ਡੇਰਾ ਮੁਖੀ ਦੀ ਉਸ ਖ਼ਿਲਾਫ ਚੱਲ ਰਹੇ ਵੱਖ-ਵੱਖ ਮਾਮਲਿਆਂ ‘ਚ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਅਦਾਲਤ ‘ਚ ਪੇਸ਼ੀ ਹੁੰਦੀ ਹੈ ਤੇ ਉਸ ਨੂੰ ਮਿਲਣ ਪਰਿਵਾਰਕ ਮੈਂਬਰ ਤੇ ਵਕੀਲ ਆਉਂਦੇ ਰਹਿੰਦੇ ਹਨ। ਡੇਰਾ ਮੁਖੀ ਜੇਲ੍ਹ ‘ਚ ਅਜੇ ਤੱਕ ਆਪਣੇ ਸਾਥੀ ਕੈਦੀਆਂ ਜਾਂ ਨੰਬਰਦਾਰਾਂ ਨਾਲ ਘੁਲ-ਮਿਲ ਨਹੀਂ ਸਕਿਆ ਤੇ ਨਾ ਹੀ ਉਨ੍ਹਾਂ ਨਾਲ ਵਧੇਰੇ ਗੱਲਬਾਤ ਕਰਦਾ ਹੈ। ਉਹ ਆਪਣੇ ਪਰਿਵਾਰ ਤੇ ਵਕੀਲਾਂ ਤੋਂ ਆਪਣੇ ਖ਼ਿਲਾਫ ਚੱਲ ਰਹੇ ਮਾਮਲਿਆਂ ਸਬੰਧੀ ਜਾਣਕਾਰੀ ਲੈਂਦਾ ਰਹਿੰਦਾ ਹੈ ਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦਾ ਰਹਿੰਦਾ ਹੈ