ਸਪਾਈਸਜੈੱਟ ਦੇ ਜਹਾਜ਼ ਦੀ ਕਰਾਚੀ ’ਚ ਹੰਗਾਮੀ ਲੈਂਡਿੰਗ

0
642

ਨਵੀਂ ਦਿੱਲੀ: ‘ਸਪਾਈਸਜੈੱਟ’ ਦੀ ਦਿੱਲੀ ਤੋਂ ਦੁਬਈ ਜਾ ਰਹੀ ਇਕ ਉਡਾਣ ਨੂੰ ਅੱਜ ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਉਤੇ ਉਤਾਰਨਾ ਪਿਆ। ਡੀਜੀਸੀਏ ਮੁਤਾਬਕ ਜਹਾਜ਼ ਦਾ ‘ਫਿਊਲ ਇੰਡੀਕੇਟਰ’ ਖਰਾਬ ਹੋ ਗਿਆ ਸੀ। ਦੱਸਣਯੋਗ ਹੈ ਕਿ ਪਿਛਲੇ 17 ਦਿਨਾਂ ਵਿਚ ਸਪਾਈਸਜੈੱਟ ਦੇ ਜਹਾਜ਼ਾਂ ਵਿਚ ਤਕਨੀਕੀ ਖਰਾਬੀ ਆਉਣ ਦੀ ਇਹ ਕਰੀਬ ਛੇਵੀਂ ਘਟਨਾ ਹੈ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਵੱਲੋਂ ਅੱਜ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਜਾਂਚ ਵੀ ਚੱਲ ਰਹੀ ਹੈ। ਵੇਰਵਿਆਂ ਮੁਤਾਬਕ ‘ਬੋਇੰਗ 737 ਮੈਕਸ’ ਜਹਾਜ਼ ਦਿੱਲੀ ਤੋਂ ਦੁਬਈ ਜਾ ਰਿਹਾ ਸੀ। ਇਸੇ ਦੌਰਾਨ ਜਹਾਜ਼ ਦੇ ਖੱਬੇ ਟੈਂਕ ਵਿਚ ਇੰਡੀਕੇਟਰ ਨੇ ਤੇਲ ਦੀ ਮਾਤਰਾ ਇਕਦਮ ਕਾਫ਼ੀ ਘੱਟ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਹਾਜ਼ ਨੂੰ ਕਰਾਚੀ ਵੱਲ ਮੋੜਨਾ ਪਿਆ। ਕਰਾਚੀ ਹਵਾਈ ਅੱਡੇ ਉਤੇ ਜਦ ਖੱਬੇ ਟੈਂਕ ਦੀ ਜਾਂਚ ਕੀਤੀ ਗਈ ਤਾਂ ਕੋਈ ਲੀਕੇਜ ਸਾਹਮਣੇ ਨਹੀਂ ਆਈ।