ਇਸਲਾਮਾਬਾਦ:ਨਕਦੀ ਦੀ ਘਾਟ ਨਾਲ ਜੂਝ ਰਹੇ ਪਾਕਿਸਤਾਨ ਨੇ ਤੇਜ਼ੀ ਨਾਲ ਘੱਟ ਰਹੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਦੇਸ਼ ਵਾਸੀਆਂ ਨੂੰ ਚਾਹ ਘੱਟ ਪੀਣ ਦੀ ਅਪੀਲ ਕੀਤੀ ਹੈ ਤਾਂ ਜੋ ਚਾਹ ਦੀ ਦਰਾਮਦ ਘਟਾਈ ਜਾ ਸਕੇ। ‘ਦਿ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਨ ਇਕਬਾਲ ਦਾ ਇਹ ਬਿਆਨ ਅਸਲ ਵਿੱਚ ਪਾਕਿਸਤਾਨੀਆਂ ਵੱਲੋਂ ਵਿੱਤੀ ਵਰ੍ਹੇ 2021-22 ਵਿੱਚ ਚਾਹ ’ਤੇ 83.88 ਅਰਬ ਰੁਪਏ (40 ਕਰੋੜ ਡਾਲਰ) ਖਰਚੇ ਜਾਣ ਮਗਰੋਂ ਆਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੁਨੀਆਂ ਭਰ ਵਿੱਚ ਚਾਹ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ ਅਤੇ ਹੁਣ ਉਸ ਨੂੰ ਚਾਹ ਦੀ ਦਰਾਮਦ ਲਈ ਕਰਜ਼ਾ ਲੈਣਾ ਪੈ ਰਿਹਾ ਹੈ। ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਚਾਹ ਦੀ ਖ਼ਪਤ ਇਕ ਤੋਂ ਦੋ ਕੱਪ ਘੱਟ ਕੀਤੀ ਜਾਵੇ ਕਿਉਂ ਕਿ ਸਾਨੂੰ ਕਰਜ਼ਾ ਲੈ ਕੇ ਚਾਹ ਦੀ ਦਰਾਮਦ ਕਰਨੀ ਪੈ ਰਹੀ ਹੈ।’’