ਅਦਾਲਤ ਦੇ ਫ਼ੈਸਲਿਆਂ ਦਾ ਸਤਿਕਾਰ ਨਹੀਂ ਕਰਦੀ ਕੇਂਦਰ ਸਰਕਾਰ: ਸੁਪਰੀਮ ਕੋਰਟ

0
753

ਨਵੀਂ ਦਿੱਲੀ: ਚੀਫ਼ ਜਸਟਿਸ ਐਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਅਦਾਲਤ ‘ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੀ’ ਪਰ ਅਹਿਮ ਟ੍ਰਿਬਿਊਨਲਾਂ ਵਿਚ ਅਸਾਮੀਆਂ ਭਰਨ ਵਿਚ ਹੋ ਰਹੀ ਦੇਰੀ ਕਾਰਨ ਸੁਪਰੀਮ ਕੋਰਟ ਦਾ ਸਬਰ ਮੁੱਕਦਾ ਜਾ ਰਿਹਾ ਹੈ।’ ਜਸਟਿਸ ਡੀ.ਵਾਈ. ਚੰਦਰਚੂੜ ਤੇ ਐਲ. ਨਾਗੇਸ਼ਵਰ ਰਾਓ ਦੀ ਸ਼ਮੂਲੀਅਤ ਵਾਲੇ ਬੈਂਚ ਦੀ ਅਗਵਾਈ ਕਰਦਿਆਂ ਰਾਮੰਨਾ ਨੇ ਕਿਹਾ ਕਿ ਪੂਰੇ ਮੁਲਕ ਵਿਚ ਟ੍ਰਿਬਿਊਨਲ ‘ਖ਼ਤਮ ਹੋਣ ਕੰਢੇ ਹਨ।’ ਕਈ ਇਕ ਮੈਂਬਰ ਨਾਲ ਹੀ ਕੰਮ ਕਰ ਰਹੇ ਹਨ ਤੇ ਸਾਲ-ਸਾਲ ਦੀ ਤਰੀਕ ਪੈ ਰਹੀ ਹੈ। ਜਸਟਿਸ ਰਾਮੰਨਾ ਨੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ‘ਅਸੀਂ ਇਸ ਗੱਲ ਤੋਂ ਖ਼ੁਸ਼ ਨਹੀਂ ਹਾਂ ਤੇ ਤੁਹਾਨੂੰ 3-4 ਦਿਨ ਦਾ ਸਮਾਂ ਦਿੰਦੇ ਹਾਂ।’ ਬੈਂਚ ਨੇ ਮਹਿਤਾ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਸਰਕਾਰ ਨੂੰ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਸੁਣਵਾਈ ਦੀ ਅਗਲੀ ਤਰੀਕ 13 ਸਤੰਬਰ ਤੱਕ ਭਰਨ ਲਈ ਮਨਾਉਣ। ਸੁਣਵਾਈ ਦੇ ਸ਼ੁਰੂ ਵਿਚ ਜਦ ਮਹਿਤਾ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਤਾਂ ਚੀਫ ਜਸਟਿਸ ਨੇ ਕਿਹਾ ‘ਤੁਹਾਨੂੰ (ਸਰਕਾਰ) ਅਦਾਲਤ ਦੇ ਫ਼ੈਸਲਿਆਂ ਦਾ ਕੋਈ ਸਤਿਕਾਰ ਨਹੀਂ ਹੈ, ਤੁਸੀਂ ਸਾਡੇ ਸਬਰ ਦੀ ਪ੍ਰੀਖਿਆ ਲੈ ਰਹੇ ਹੋ।’ ਚੀਫ ਜਸਟਿਸ ਨੇ ਕਿਹਾ, ‘ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ ਪਰ ਮੈਂਬਰਾਂ ਜਾਂ ਚੇਅਰਪਰਸਨਾਂ ਦੀ ਅਣਹੋਂਦ ਵਿੱਚ ਟ੍ਰਿਬਿਊਨਲ ਖ਼ਤਮ ਹੋ ਰਹੇ ਹਨ।’ ਬੈਂਚ ਨੇ ਇਹ ਟਿੱਪਣੀਆਂ ਕਾਂਗਰਸ ਆਗੂ ਜੈਰਾਮ ਰਮੇਸ਼ ਵੱਲੋਂ ‘ਟ੍ਰਿਬਿਊਨਲ ਰਿਫਾਰਮਜ਼ ਐਕਟ 2021’ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀਆਂ ਹਨ।