ਕੋਰੋਨਾ ਦੌਰ ਤੋਂ ਬਾਅਦ ਵੈਨਕੂਵਰ ਵਿਚਾਰ ਮੰਚ ਦੀ ਪਹਿਲੀ ਰੂਬਰੂ ਮੀਟਿੰਗ

0
1005

ਸਰੀ: ਵੈਨਕੂਵਰ ਵਿਚਾਰ ਮੰਚ ਦੀ ਮੀਟਿੰਗ ਜਰਨੈਲ ਆਰਟਸ ਗੈਲਰੀ ਸਰੀ ਵਿਖੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਪੰਜਾਬੀ ਸਾਹਿਤਕਾਰ ਜਸਵੰਤ ਅਮਨ ਅਤੇ ਐਸ. ਬਲਵੰਤ ਨੂੰ ਸ਼ਰਧਾਂਜਲੀ ਭੇਟ ਕੀਤੀ। ਜਰਨੈਲ ਸਿੰਘ ਸੇਖਾ ਨੇ ਮੀਟਿੰਗ ਵਿਚ ਦੱਸਿਆ ਕਿ ਕੈਨੇਡੀਅਨ ਪੰਜਾਬੀ ਸਾਹਿਤਕਾਰ ਜੋਗਿੰਦਰ ਸਿੰਘ ਸ਼ਮਸ਼ੇਰ ਗੰਭੀਰ ਬੀਮਾਰੀ ਤੋਂ ਪੀੜਤ ਹਨ। ਇਸ ਮੌਕੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ।

ਭਾਰਤੀ ਕਿਸਾਨੀ ਸੰਘਰਸ਼ ਸਬੰਧੀ ਮੋਹਨ ਗਿੱਲ ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਇਕ ਹੋਰ ਮਹਾਂਭਾਰਤ” ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਸ਼ਾਇਰ ਜਸਵਿੰਦਰ, ਜਰਨੈਲ ਸਿੰਘ ਸੇਖਾ ਅਤੇ ਕਵਿੰਦਰ ਚਾਂਦ ਨੇ ਕਿਹਾ ਕਿ ਮੋਹਨ ਗਿੱਲ ਨੇ ਛੋਟੀਆਂ ਛੋਟੀਆਂ ਕਵਿਤਾਵਾਂ ਰਾਹੀਂ ਸੰਘਰਸ਼ ਦੀ ਨਬਜ਼ ਨੂੰ ਪਛਾਣਿਆਂ ਹੈ ਅਤੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ।

ਮੰਚ ਵੱਲੋਂ ਆਉਂਦੇ ਦਿਨਾਂ ਵਿਚ ਮੋਹਨ ਗਿੱਲ ਦੇ ਕਾਵਿ ਸੰਗ੍ਰਹਿ “ਇਕ ਹੋਰ ਮਹਾਂਭਾਰਤ” ਅਤੇ ਜਰਨੇਲ ਸਿੰਘ ਸੇਖਾ ਦੀ ਸਵੈ-ਜੀਵਨੀ “ਕੰਡਿਆਰੇ ਪੰਧ” ਉਪਰ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਕੋਰੋਨਾ ਕਾਰਨ ਲੱਗਭੱਗ ਇਕ ਸਾਲ ਦੇ ਵਕਫ਼ੇ ਬਾਅਦ ਇਕ ਦੂਜੇ ਦੇ ਰੂਬਰੂ ਹੋਏ ਮੰਚ ਮੈਂਬਰਾਂ ਨੇ ਖੁੱਲ੍ਹ ਕੇ ਦਿਲੀ ਜਜ਼ਬਾਤ ਸਾਂਝੇ ਕੀਤੇ। ਸਾਹਿਤਕ ਦੌਰ ਵਿਚ ਜਰਨੈਲ ਸਿੰਘ ਸੇਖਾ ਨੇ 1955 ਲਿਖੀ ਬਹੁਤ ਹੀ ਪਿਆਰੀ ਖੁੱਲ੍ਹੀ ਕਵਿਤਾ “ਨਾਂਹ” ਪੜ੍ਹੀ, ਕਵਿੰਦਰ ਚਾਂਦ ਨੇ ਆਪਣੇ ਖੂਬਸੂਰਤ ਸ਼ੇਅਰ ਅਰਜ਼ ਕੀਤੇ, ਗੁਰਦੀਪ ਭੁੱਲਰ ਨੇ ਸੁਰਜੀਤ ਰਾਮਪੁਰੀ ਦੀ ਦਿਲਕਸ਼ ਗ਼ਜ਼ਲ ਨੂੰ ਤਰੰਨੁਮ ਵਿਚ ਪੇਸ਼ ਕੀਤਾ, ਜਸਵਿੰਦਰ ਵੱਲੋਂ ਪੇਸ਼ ਕੀਤੇ ਦੋਹਿਆਂ ਨੂੰ ਭਰਪੂਰ ਦਾਦ ਮਿਲੀ, ਜਰਨੈਲ ਸਿੰਘ ਆਰਟਿਸਟ, ਹਰਦਮ ਸਿੰਘ ਮਾਨ, ਮੋਹਨ ਗਿੱਲ, ਚਮਕੌਰ ਸੇਖੋਂ, ਅੰਗਰੇਜ਼ ਬਰਾੜ ਅਤੇ ਪਰਮਜੀਤ ਸੇਖੋਂ ਨੇ ਵੀ ਆਪਣੀਆਂ ਰਚਨਾਵਾਂ, ਵਿਚਾਰਾਂ ਨਾਲ ਹਾਜਰੀ ਲੁਆਈ। ਮੀਟਿੰਗ ਦਾ ਸੰਚਾਲਨ ਅੰਗਰੇਜ਼ ਬਰਾੜ ਨੇ ਕੀਤਾ।