ਸਰੀ: ਕਿਸੇ ਨਸਲੀ ਸ਼ਰਾਰਤੀ ਵੱਲੋਂ ਵੈਨਕੂਵਰ ਹਾਰਬਰ ਨੇੜੇ ਸਥਾਪਿਤ ਕੀਤੀ ਗਈ ਕਾਮਾਗਾਟਾਮਾਰੂ ਯਾਦਗਾਰ ਉਪਰ ਪੇਂਟ ਮਲ ਕੇ ਇਸ ਨੂੰ ਖਰਾਬ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਹਰਕਤ ਕਾਰਨ ਭਾਰਤੀ ਮੂਲ ਦੇ ਲੋਕ ਮਨਾਂ ਨੂੰ ਭਾਰੀ ਠੇਸ ਲੱਗੀ ਹੈ।
ਇਸ ਮੰਦੀ ਕਰਤੂਤ ਦਾ ਪਤਾ ਉਦੋਂ ਲੱਗਿਆ ਜਦੋਂ ਵੈਨਕੂਵਰ ਆਈਲੈਂਡ ਤੋ ਪੁੱਜੇ ਪੰਜਾਬੀ ਨੌਜਵਾਨ ਮਿੰਦੀ ਸਿੰਘ ਨੇ ਇਹ ਸਭ ਵੇਖ ਕੇ ਮੀਡੀਆ ਨੂੰ ਸੂਚਿਤ ਕੀਤਾ। ਵਰਨਣਯੋਗ ਹੈ ਕਿ ਇਹ ਯਾਦਗਾਰ ਕਾਮਾਗਾਟਾਮਾਰੂ ਜਹਾਜ਼ ਦੇ ਉਹਨਾਂ 400 ਦੇ ਕਰੀਬ ਮੁਸਾਫਿਰਾਂ ਦੀ ਯਾਦਗਾਰ ਹੈ, ਜਿਹਨਾਂ ਨੂੰ ਮਈ 1914 ਵਿਚ ਉਸ ਸਮੇਂ ਦੀ ਨਸਲਵਾਦੀ ਸਰਕਾਰ ਨੇ ਵੈਨਕੂਵਰ ਬੰਦਰਗਾਹ ਉਪਰ ਉਤਰਨ ਨਹੀਂ ਸੀ ਦਿੱਤਾ। ਇਸ ਯਾਦਗਾਰ ਉਪਰ ਇਸ ਘਟਨਾ ਦਾ ਇਤਿਹਾਸ ਅਤੇ ਮੁਸਾਫਿਰਾਂ ਦੇ ਨਾਮ ਲਿਖੇ ਹੋਏ ਹਨ। ਸ਼ਰਾਰਤੀ ਅਨਸਰ ਨੇ ਆਪਣੀ ਨਸਲੀ ਸੋਚ ਦਾ ਪ੍ਰਗਟਾਵਾ ਕਰਦਿਆਂ ਇਸ ਉਪਰ ਚਿੱਟਾ ਪੇਂਟ ਮਲ ਦਿੱਤਾ ਅਤੇ ਪੰਜੇ ਦੇ ਨਿਸ਼ਾਨਾਂ ਦੇ ਨਾਲ ਕੁਝ ਹੋਰ ਨਿਸ਼ਾਨ ਵੀ ਲਾ ਦਿੱਤੇ ਹਨ।
ਇਹ ਵੀ ਜ਼ਿਕਰਯੋਗ ਹੇ ਕਿ ਇਸ ਇਤਿਹਾਸਕ ਤੇ ਨਸਲੀ ਘਟਨਾ ਦੀ ਕੈਨੇਡਾ ਸਰਕਾਰ ਵੱਲੋਂ ਪਾਰਲੀਮੈਂਟ ਵਿਚ ਮੁਆਫੀ ਮੰਗੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੁਝ ਨਸਲੀ ਨਫਰਤ ਪਾਲਣ ਵਾਲੇ ਲੋਕ ਅਜਿਹੀਆਂ ਕੋਝੀਆਂ ਹਰਕਤਾਂ ਕਰ ਜਾਂਦੇ ਹਨ।
ਇਸੇ ਦੌਰਾਨ ਪਤਾ ਲੱਗਿਆ ਹੈ ਕਿ ਵੈਨਕੂਵਰ ਸਿਟੀ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਯਾਦਗਾਰ ਦੀ ਸਾਫ ਸਫਾਈ ਲਈ ਤੁਰੰਤ ਕਦਮ ਚੁੱਕੇ ਹਨ।