ਸਰੀ: ਬੀ ਸੀ ਦੀ ਮਾਨਯੋਗ ਕੋਰਟ ਆਫ ਅਪੀਲ ਨੇ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵੱਲੋ ਆਪਣੇ 11 ਮੈਂਬਰਾਂ ਨੂੰ ਹਟਾਉਣ ਅਤੇ 1 ਮੈਂਬਰ ਨੂੰ ਮੁਅੱਤਲ ਕਰਨ ਦੀ ਕਾਰਵਾਈ ਨੂੰ ਉਚਿਤ ਠਹਿਰਾਇਆ ਹੈ ਅਤੇ ਇਸ ਸਬੰਧ ਵਿਚ ਲੋਅਰ ਕੋਰਟ ਵੱਲੋਂ ਦਿੱਤੇ ਫੈਸਲੇ ਨੂੰ ਸਿਧਾਂਤਕ ਗਲਤੀ ਦੇ ਆਧਾਰ ਤੇ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਖਾਲਸਾ ਦੀਵਾਨ ਸੁਸਾਇਟੀ “ਸੁਸਾਇਟੀ ਐਕਟ” ਤਹਿਤ ਇਕ ਰਜਿਸਟਰਡ ਸੰਸਥਾ ਹੈ ਅਤੇ ਉਸ ਵੱਲੋਂ ਆਪਣੇ ਬਾਈਲਾਅਜ਼ ਅਨੁਸਾਰ ਕੀਤੀ ਗਈ ਕਾਰਵਾਈ ਉਚਿਤ ਸੀ। ਪਰ ਅਪੀਲ ਕੋਰਟ ਨੇ ਇਹਨਾਂ ਮੈਬਰਾਂ ਦੇ ਸੰਸਥਾ ਦੀ ਹੱਦ ਵਿਚ ਆਉਣ ਤੋਂ ਮਨਾਹੀ ਕੀਤੇ ਜਾਣ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਆਮ ਸ਼ਰਧਾਲੂ ਵਾਂਗ ਵਿਚ ਗੁਰਦੁਆਰਾ ਸਾਹਿਬ ਵਿਚ ਆ ਸਕਦੇ ਹਨ।
ਅਪੀਲ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ ਰੰਧਾਵਾ ਅਤੇ ਹੋਰ ਅਹੁਦੇਦਾਰਾਂ ਨੇ ਇਸ ਨੂੰ ਸੱਚਾਈ ਦੀ ਜਿੱਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਕਮੇਟੀ ਚੋਂ ਕੱਢੇ ਗਏ ਇਹਨਾਂ ਮੈਂਬਰਾਂ ਵੱਲੋਂ ਸਲਾਨਾ ਇਜਲਾਸ ਦੌਰਾਨ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ੋਰ ਸ਼ਰਾਬਾ ਕਰਦਿਆਂ ਗੁਰੂ ਸਾਹਿਬ ਦੀ ਪਾਵਨ ਮਰਿਯਾਦਾ ਭੰਗ ਕੀਤੀ ਗਈ ਸੀ ਅਤੇ ਮਾਨਯੋਗ ਕੋਰਟ ਦਾ ਇਹ ਫੈਸਲਾ ਗੁਰੂ ਘਰਾਂ ਦੀਆਂ ਅਹੁਦੇਦਾਰੀਆਂ ਲਈ ਗਲਤ ਢੰਗ ਤਰੀਕੇ ਅਪਣਾਉਣ ਵਾਲੇ ਲੋਕਾਂ ਲਈ ਇਕ ਵੱਡਾ ਸਬਕ ਹੈ।